ਮਾਨਸਾ: ਪੰਜਾਬ ਵਿੱਚ ਕਈ ਕਿਸਾਨਾਂ ਨੇ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਨਿਕਲ ਕੇ ਬਦਲਵੀਂ ਖੇਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਬਦਲਵੀਂ ਖੇਤੀ ਅਪਣਾ ਰਿਹਾ ਜ਼ਿਲ੍ਹਾ ਮਾਨਸਾ ਦੇ ਪਿੰਡ ਖਹਿਰਾ ਕਲਾਂ ਦਾ ਰਹਿਣ ਵਾਲਾ ਕਿਸਾਨ ਸੁਲਤਾਨ ਸਿੰਘ ਆਪਣੇ ਖੇਤਾਂ 'ਚ ਅੰਜੀਰ ਦੀ ਖੇਤੀ ਕਰ ਲੱਖਾਂ 'ਚ ਕਮਾਈ ਕਰ ਰਿਹਾ ਹੈ।
ਇੱਕ ਏਕੜ ਜ਼ਮੀਨ 'ਚ ਸ਼ੁਰੂ ਕੀਤੀ ਸੀ ਖੇਤੀ
ਸੁਲਤਾਨ ਸਿੰਘ ਨੇ ਦੱਸਿਆ ਕਿ ਉਹ ਬੀਤੇ ਤਿੰਨ ਸਾਲਾਂ ਤੋਂ ਅੰਜੀਰ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਕ ਸਾਲ ਉਸ ਨੇ ਇੱਕ ਏਕੜ ਜ਼ਮੀਨ 'ਚ ਅੰਜੀਰ ਦੀ ਖੇਤੀ ਕੀਤੀ ਅਤੇ ਮੁਨਾਫਾ ਦੇਖ ਹੁਣ ਉਸ ਨੇ ਤਿੰਨ ਏਕੜ 'ਚ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਅੰਜੀਰ ਦੀ ਖੇਤੀ ਨੂੰ ਹੋਰ ਵਧਾਵੇਗਾ ਅਤੇ ਪੰਜ ਏਕੜ 'ਚ ਅੰਜੀਰ ਉਗਾਉਣ 'ਤੇ ਜ਼ੋਰ ਦੇਵੇਗਾ।
ਸੁਲਤਾਨ ਸਿੰਘ ਨੇ ਦੱਸਿਆ ਕਿ ਚਾਰ ਸੌ ਬੂਟੇ ਇੱਕ ਏਕੜ 'ਚ ਲਗਾਏ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਨੈਟ ਤੋਂ ਕੰਪਨੀ ਦਾ ਨੰਬਰ ਲਿਆ ਸੀ ਅਤੇ ਉਨ੍ਹਾਂ ਤੋਂ ਇਹ ਬੂਟੇ ਮੰਗਵਾਏ ਸਨ ਜਿਸ ਵਿੱਚ ਇੱਕ ਲੱਖ ਤੀਹ ਹਜ਼ਾਰ ਰੁਪਏ ਦਾ ਖਰਚ ਆਇਆ ਸੀ। ਚੰਗਾ ਮੁਨਾਫਾ ਹੁੰਦਾ ਦੇਖ ਉਸ ਨੇ ਅੰਜੀਰ ਦੀ ਖੇਤੀ ਵਧਾਈ। ਕਿਸਾਨ ਦਾ ਕਹਿਣਾ ਹੈ ਕਿ ਅੰਜੀਰ ਦੀ ਖੇਤੀ 'ਚ ਵਾਧੂ ਮਿਹਨਤ ਦੀ ਲੋੜ ਨਹੀਂ ਪੈਂਦੀ ਬਸ ਸਮੇਂ ਸਿਰ ਕੀਟਨਾਸ਼ਕ ਅਤੇ ਪਾਣੀ ਦੇਣ ਦੀ ਲੋੜ ਹੁੰਦੀ ਹੈ। ਸੁਲਤਾਨ ਨੂੰ ਇੱਕ ਬੂਟੇ ਤੋਂ ਵੀਹ ਕਿੱਲੋ ਫਲ ਮਿਲਦਾ ਹੈ ਅਤੇ ਰੱਜਵਾਂ ਮੁਨਾਫ਼ਾ ਹੁੰਦਾ ਹੈ।
ਅੰਜੀਰ ਦੀ ਖੇਤੀ ਨੇ ਬਣਾਇਆ ਲੱਖਪਤੀ
ਆਪਣੀ ਕਮਾਈ ਦਾ ਜ਼ਿਕਰ ਕਰਦਿਆਂ ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਉਸਨੂੰ 5.50 ਲੱਖ ਦੀ ਕਮਾਈ ਹੋਈ ਸੀ ਪਰ ਇਸ ਵਾਰ ਉਸ ਨੂੰ 8-9 ਲੱਖ ਦੀ ਕਮਾਈ ਹੋਣ ਦੀ ਉਮੀਦ ਹੈ। ਮੰਡੀਕਰਨ ਲਈ ਉਨ੍ਹਾਂ ਦਾ ਜੈਪੁਰ ਦੀ ਕੰਪਨੀ ਦੇ ਨਾਲ ਸੰਪਰਕ ਹੈ ਅਤੇ ਉਹ ਖ਼ੁਦ ਹੀ ਉਨ੍ਹਾਂ ਦੇ ਖੇਤ ਵਿੱਚੋਂ ਆ ਫਸਲ ਨੂੰ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦਸ ਸਾਲ ਤੱਕ ਇਸ ਫਰੂਟ ਨੂੰ ਖਰੀਦੇਗੀ। ਉਨ੍ਹਾਂ ਹੋਰ ਵੀ ਕਿਸਾਨਾਂ ਨੂੰ ਕਿਹਾ ਕਿ ਇਹ ਬਹੁਤ ਵਧੀਆ ਫਸਲ ਹੈ ਅਤੇ ਇਸ ਨੂੰ ਲਗਾਓ ਅਤੇ ਇਸ ਉੱਪਰ ਜ਼ਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਤੇ ਕੰਪਨੀ ਵਾਲਿਆਂ ਦੀ ਗੱਡੀ ਖ਼ੁਦ ਆਵੇਗੀ ਅਤੇ ਤੁਹਾਡੇ ਖੇਤ ਵਿੱਚੋਂ ਫਸਲ ਨੂੰ ਲੈ ਜਾਵੇਗੀ।
ਹੋਰ ਕਿਸਾਨ ਵੀ ਅਪਣਾਉਣ ਬਦਲਵੀਂ ਖੇਤੀ
ਦਿਲਚਸਪ ਗੱਲ ਇਹ ਹੈ ਕਿ ਕਿਸਾਨ ਸੁਲਤਾਨ ਦੀ ਪਤਨੀ ਕ੍ਰਿਸ਼ਨਾ ਦੇਵੀ ਵੀ ਆਪਣੇ ਪਤੀ ਨਾਲ ਖੇਤੀ ਕਰਵਾਉਂਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਣਕ, ਨਰਮੇ ਅਤੇ ਝੋਨੇ ਤੋਂ ਬਾਹਰ ਨਿੱਕਲ ਬਦਲਵੀਂ ਖੇਤੀ ਅਪਨਾਉਣ ਦੀ ਲੋੜ ਹੈ।
ਇਸ ਤਰ੍ਹਾਂ ਬਦਲਵੀਂ ਖੇਤੀ ਨੂੰ ਅਪਣਾ ਕਿਸਾਨ ਸੁਲਤਾਨ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬਦਲਵੀਂ ਖੇਤੀ ਜਿੱਥੇ ਕਿਸਾਨਾਂ ਨੂੰ ਮੁਸ਼ਕਲਾਂ ਵਿੱਚੋਂ ਕੱਢਦੀ ਹੈ ਉੱਥੇ ਹੀ ਚੰਗਾ ਮੁਨਾਫਾ ਵੀ ਦਿੰਦੀ ਹੈ। ਇਸ ਲਈ ਲੋੜ ਹੈ ਕਿ ਪੰਜਾਬ ਦੇ ਕਿਸਾਨ ਝੋਨਾ ਨਰਮੇ ਤੋਂ ਬਾਹਰ ਨਿੱਕਲ ਬਲਦਵੀਂ ਖੇਤੀ ਅਪਣਾਉਣ ਅਤੇ ਰੱਜਵਾਂ ਮੁਨਾਫ਼ਾ ਕਮਾਉਣ।