ਮਾਨਸਾ: ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਪਿਛਲੇ ਮਹੀਨੇ ਸਾਬਕਾ ਸਰਪੰਚ 'ਤੇ ਹੋਏ ਕਾਤਲਾਨਾ ਹਮਲੇ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬੁੱਧਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨਾਂ ਵੱਲੋਂ ਇਥੇ ਪੁਲਿਸ ਥਾਣੇ ਅੱਗੇ ਧਰਨਾ ਲਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਹਾ ਕਿ ਹਮਲਾਵਰ ਬਾਹਰ ਘੁੰਮ ਰਹੇ ਹਨ ਪਰੰਤੂ ਪੁਲਿਸ ਜਾਣ-ਬੁੱਝ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਧਰ, ਪੁਲਿਸ ਦਾ ਕਹਿਣਾ ਸੀ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਸਿਟੀ 1 ਅੱਗੇ ਧਰਨੇ ਦੌਰਾਨ ਪੀੜਤ ਰਜਿੰਦਰ ਸਿੰਘ ਨੇ ਆਪਣੀ ਪਲਸਤਰ ਚੜ੍ਹੀ ਬਾਂਹ ਵਿਖਾਉਂਦਿਆਂ ਦੱਸਿਆ ਕਿ ਪਿਛਲੇ ਦਿਨੀ ਉਸ ਉਪਰ ਪਿੰਡ ਦੇ ਹੀ ਰਹਿਣ ਵਾਲੇ ਕੁੱਝ ਹਥਿਆਰਬੰਦ ਗੁੰਡਾ ਅਨਸਰਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋ ਕੇ ਉਸ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ। ਹਮਲੇ ਦੌਰਾਨ ਉਸਦੀ ਇੱਕ ਬਾਂਹ ਤੇ ਲੱਤ ਟੁੱਟ ਗਈ ਹੈ।
ਉਸ ਨੇ ਕਿਹਾ ਕਿ ਅੱਜ ਹਮਲੇ ਨੂੰ 20-22 ਦਿਨ ਹੋ ਗਏ ਹਨ ਅਜੇ ਵੀ ਦੋਸ਼ੀ ਬਾਹਰ ਘੁੰਮ ਰਹੇ ਹਨ। ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਪੁਲਿਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਇਸ ਦੌਰਾਨ ਜਥੇਬੰਦੀ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਥੇ ਮਜਬੂਰੀਵੱਸ ਧਰਨਾ ਦੇਣਾ ਪਿਆ ਹੈ ਕਿਉਂਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਕਥਿਤ ਦੋਸ਼ੀ ਬਾਹਰ ਅਜੇ ਤੱਕ ਨਹੀਂ ਫੜੇ ਗਏ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਮਾਮਲੇ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਜੇਕਰ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਇਨਸਾਫ਼ ਲਈ ਇੱਕ ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ
ਉਧਰ, ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਇਸ ਮੁਕੱਦਮਾ ਨੰਬਰ 181 ਵਿੱਚ ਚਾਰ ਲੋਕਾਂ ਸਮੇਤ ਕੁੱਝ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।