Punjab Bandh : 30 ਦਸੰਬਰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੰਜਾਬ ਮੁਕੰਮਲ ਤੌਰ ਤੇ ਬੰਦ ਰਹੇਗਾ। ਉਸੇ ਚੀਜ਼ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੰਦ ਸੰਬੰਧੀ ਜਾਗਰੂਕ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ।
ਕਿਸਾਨਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ
ਅਕਸਰ ਅਸੀਂ ਦੇਖਦੇ ਹਾਂ ਜਦੋਂ ਇਸ ਤਰ੍ਹਾਂ ਦੇ ਕਾਲ ਦਿੱਤੀ ਜਾਂਦੀ ਹੈ ਤਾਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਂਦੇ ਹਨ ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਕਿਸੇ ਨੇ ਵਿਆਹ ਸ਼ਾਦੀ ਉੱਤੇ ਜਾਣਾ ਹੋਵੇ, ਕਿਸੇ ਦੀ ਫਲਾਈਟ ਹੋਵੇ ਜਾਂ ਫਿਰ ਕਿਸੇ ਨੇ ਨੌਕਰੀ ਲਈ ਜਾਣਾ ਹੈ ਅਜਿਹੀਆਂ ਸੇਵਾਵਾਂ ਖੁੱਲੀਆਂ ਰਹਿਣਗੀਆਂ, ਬਾਕੀ ਪੂਰੀ ਤਰ੍ਹਾਂ ਮੁਕੰਮਲ ਤੌਰ ਉੱਤੇ ਪੰਜਾਬ ਬੰਦ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਕਿਸਾਨ ਤੇ ਲੋਕ ਚਿੰਤੱਤ ਹਨ ਸਰਕਾਰਾਂ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜਾਣੋ ਕੀ-ਕੀ ਰਹੇਗਾ ਬੰਦ
- 7 ਤੋਂ 4 ਵਜੇ ਤੱਕ ਪੰਜਾਬ ਰਹੇਗਾ ਬੰਦ।
- ਸਕੂਲ-ਕਾਲਜ ਬੰਦ ਰਹਿਣਗੇ।
- ਬੱਸਾਂ ਨਹੀਂ ਚੱਲਣਗੀਆਂ।
- ਰੇਲ ਆਵਾਜਾਈ ਬੰਦ।
- ਸ਼ਹੀਰਾਂ ਵਿੱਚ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
- ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ।
- ਪ੍ਰਾਈਵੇਟ ਵਾਹਨ ਨਹੀਂ ਚੱਲਣਗੇ।
- ਗੈਸ ਸਟੇਸ਼ਨ ਬੰਦ।
- ਪੈਟਰੋਲ ਪੰਪ ਬੰਦ।
- ਸਬਜ਼ੀ ਮੰਡੀਆਂ ਬੰਦ।
- ਦੁੱਧ ਦੀ ਸਪਲਾਈ ਬੰਦ।
- 200,300 ਥਾਵਾਂ 'ਤੇ ਨਾਕੇਬੰਦੀ।
- ਆਮ ਜਨਤਾ ਘਰੋਂ ਬਾਹਰ ਨਾ ਨਿਕਲੇ।
ਜਾਣੋ ਕੀ-ਕੀ ਰਹੇਗਾ ਖੁੱਲ੍ਹਾ
- ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।
- ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।
- ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।
- ਲਾੜਾ-ਲਾੜੀ ਦੀ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ।
- ਵਿਦਿਆਰਥੀ ਜੋ ਪੇਪਰ ਦੇਣ ਜਾ ਰਿਹਾ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ।
- ਇੰਟਰਵਿਊ ਦੇਣ ਜਾ ਰਹੇ ਨੌਜਵਾਨਾਂ ਨੂੰ ਨਹੀਂ ਰੋਕਿਆ ਜਾਵੇਗਾ।
ਵਪਾਰੀ ਵਰਗ ਨਹੀਂ ਕਰ ਰਿਹਾ ਸਮਰਥਨ
ਜਿੱਥੇ ਪੰਜਾਬ ਬੰਦ ਨੂੰ ਲੈ ਕੇ ਪੰਜਾਬ ਵਿੱਚ ਸੜਕੀ ਆਵਾਜਾਈ ਦੇ ਨਾਲ-ਨਾਲ ਹੋਰ ਕਾਰੋਬਾਰ ਪ੍ਰਭਾਵਿਤ ਹੋਣਗੇ। ਉਥੇ ਇਸ ਪੰਜਾਬ ਬੰਦ ਤੋਂ ਵਪਾਰੀ ਵਰਗ ਨੇ ਕਿਨਾਰਾ ਕਰ ਲਿਆ ਹੈ। ਜਿਸ ਤਹਿਤ ਵਪਾਰੀਆਂ ਨੇ ਬਾਜ਼ਾਰ ਖੋਲਣ ਦਾ ਐਲਾਨ ਕੀਤਾ। ਇਸ ਸੰਬੰਧ ਵਿੱਚ ਪੰਜਾਬ ਵਪਾਰ ਮੰਡਲ ਦੇ ਸੂਬਾ ਆਗੂ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਇਸ ਪੰਜਾਬ ਬੰਦ ਸਬੰਧੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਪੰਜਾਬ ਬੰਦ ਦਾ ਵਪਾਰੀ ਵਰਗ ਨੂੰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਵਪਾਰ ਪਹਿਲਾਂ ਹੀ ਬਹੁਤ ਮੰਦੇ ਵਿੱਚ ਹੈ ਅਤੇ ਇਸ ਤਰ੍ਹਾਂ ਦੇ ਪੰਜਾਬ ਬੰਦ ਨਾਲ ਵਪਾਰੀਆਂ ਨੂੰ ਹੋਰ ਨੁਕਸਾਨ ਹੋਵੇਗਾ। ਜਿਸ ਕਰਕੇ ਉਹ ਇਸ ਪੰਜਾਬ ਬੰਦ ਦਾ ਸਮਰਥਨ ਨਹੀਂ ਕਰਦੇ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਬੰਦ ਕਰਨ ਨਾਲ ਕਿਸਾਨਾਂ ਨੂੰ ਵੀ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਉਹ ਆਪਣੇ ਵਪਾਰੀ ਅਤੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਬੰਦ ਦਾ ਸਾਥ ਦੇਣ ਦੀ ਥਾਂ ਤੇ ਆਪੋ ਆਪਣੀਆਂ ਦੁਕਾਨਾਂ ਖੋਲ ਕੇ ਕਾਰੋਬਾਰ ਕਰਨ। ਉਹਨਾਂ ਕਿਹਾ ਕਿ ਜੇਕਰ ਕੋਈ ਵਪਾਰੀ ਜਾਂ ਦੁਕਾਨਦਾਰ ਭਰਾ ਆਪਣੀ ਮਰਜ਼ੀ ਨਾਲ ਦੁਕਾਨਾਂ ਬੰਦ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰ ਸਕਦਾ ਹੈ।
ਕਰੀਬ 10 ਮਹੀਨੇ ਸਰਹੱਦਾਂ 'ਤੇ ਲਾਏ ਡੇਰੇ
ਗੌਰਤਲਬ ਹੈ ਕਿ ਐਸਕੇਐਮ (ਗੈਰ-ਸਿਆਸੀ) ਅਤੇ ਕੇਐਮਐਮ ਦੇ ਬੈਨਰ ਹੇਠ ਕਿਸਾਨ 13 ਫਰਵਰੀ, 2024 ਤੋਂ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਅਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕ ਦਿੱਤਾ ਸੀ। 101 ਕਿਸਾਨਾਂ ਦਾ ਇੱਕ ਸਮੂਹ ਪਹਿਲਾਂ ਹੀ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਪੈਦਲ ਦਿੱਲੀ ਵਿੱਚ ਦਾਖਲ ਹੋਣ ਦੀਆਂ ਤਿੰਨ ਕੋਸ਼ਿਸ਼ਾਂ ਕਰ ਚੁੱਕਾ ਹੈ। ਉਨ੍ਹਾਂ ਨੂੰ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਅੱਗੇ ਨਹੀਂ ਵਧਣ ਦਿੱਤਾ।
ਦੱਸ ਦੇਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ 33 ਦਿਨ ਹੋ ਗਏ ਹਨ। ਇਸ ’ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਉਸ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਫ਼ੈਸਲਾ ਆਇਆ ਹੈ। ਮੈਨੂੰ ਬੇਹੱਦ ਖ਼ੁਸ਼ੀ ਹੋਈ ਕਿ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਹੈ।
ਜੇਕਰ ਕੇਂਦਰ ਦੀ ਮਦਦ ਦੀ ਲੋੜ ਹਨ ਤਾਂ ਇਸ ਸਬੰਧੀ ਦਿੱਤੇ ਜਾ ਸਕਦੇ ਹਨ ਹੁਕਮ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਉਚ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ। ਅਦਾਲਤ ਨੇ ਆਖਿਆ ਗਿਆ ਕਿ ਕੁਝ ਲੋਕਾਂ ਵੱਲੋਂ ਡੱਲੇਵਾਲ ਨੂੰ ਹਸਪਤਾਲ ਵਿਚ ਦਾਖਲ ਹੋਣ ਤੋਂ ਰੋਕਣਾ ਗਲਤ ਹੈ।
4 ਜਨਵਰੀ ਨੂੰ ਹਰਿਆਣਾ ਵਿੱਚ ਮਹਾਪੰਚਾਇਤ
ਇਸੇ ਦੇ ਨਾਲ ਤੁਹਾਨੂੰ ਦੱਸ ਦੇਈਏ ਜੋਗਿੰਦਰ ਸਿੰਘ ਉਗਰਾਹਾਂ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ 27 ਤਰੀਕ ਨੂੰ ਹਰਿਆਣੇ ਦੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਆ ਜਿਹਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਇਹ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਕੈਡਰ ਨੂੰ ਉਥੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜੋ ਗੂੰਗੀ ਬੋਲੀ ਅਤੇ ਅੱਖਾਂ ਉੱਤੇ ਪੱਟੀ ਬੰਨ੍ਹਕੇ ਤਮਾਸ਼ਾ ਦੇਖ ਰਹੀਆਂ ਹਨ ਉਹਨਾਂ ਨੂੰ ਸਬਕ ਸਿਖਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜਾ ਨਵਾਂ ਡ੍ਰਾਫਟ ਲੈ ਕੇ ਆਈ ਹੈ, ਉਸ ਉੱਤੇ ਚਰਚਾ ਕਰਨ ਬਹੁਤ ਜ਼ਰੂਰੀ ਹੈ। ਦਿੱਲੀ ਕੂਚ ਕਰ ਰਹੇ ਸਾਥੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ, ਉਹਨਾਂ ਦੇ ਜਮਹੂਰੀ ਹੱਕ ਨੂੰ ਸਰਕਾਰ ਨੇ ਕੁਚਲਿਆ ਹੈ। ਉਗਰਾਹਾਂ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਮੋਗਾ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਸਾਰੇ ਇਸ ਵਿੱਚ ਵਧ ਚੜ੍ਹਕੇ ਹਿੱਸਾ ਲੈਣ।
9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ
ਇਸ ਸਬੰਧੀ ਹੁਣ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਇੱਕ ਬਹੁਤ ਵੱਡਾ ਇਕੱਠ ਮੋਗੇ ਦੇ ਵਿੱਚ ਕਰ ਰਹੇ ਹਾਂ। ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜ਼ੋਰ ਲਾ ਕੇ ਇਸ ਮਹਾਪੰਚਾਇਤ ਵਿੱਚ ਹਿੱਸਾ ਲਿਆ ਜਾਵੇ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੇ ਕੰਨ ਖੋਲ ਸਕੀਏ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸਰਕਾਰਾਂ ਨਜ਼ਰ ਅੰਦਾਜ਼ ਕਰ ਰਹੀਆਂ ਹਨ, ਇਸ ਕਰਕੇ ਅਸੀਂ ਮਹਾਪੰਚਾਇਤ ਕਰ ਰਹੇ ਹਾਂ ਤਾਂ ਜੋ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ।
ਬੰਦ ਰਹਿਣਗੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਅਦਾਰੇ
ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੀ 31 ਦਸੰਬਰ ’ਤੇ ਕਰ ਦਿੱਤੀ ਸੀ। ਐਡਵੋਕੇਟ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਹਠੀ ਰਵੱਈਆ ਛੱਡ ਕੇ ਤਰਜੀਹੀ ਪੱਧਰ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ।