ਮਾਨਸਾ: ਜ਼ਿਲ੍ਹਾ ਮਾਨਸਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਅਚਾਨਕ ਹਾਰਟ ਅਟੈਕ ਆਉਣ ਦੇ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ। ਅੱਜ ਨੌਜਵਾਨ ਦੀ ਮ੍ਰਿਤਕ ਦੇਹ ਸਵੇਰੇ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚੀ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਮਾਨਸਾ ਵਿਖੇ ਲਿਆ ਕੇ ਸਸਕਾਰ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਨੂੰ ਛੱਡ ਗਿਆ ਹੈ।
ਨੌਜਵਾਨ ਦਾ ਅੰਤਿਮ ਸਸਕਾਰ: 7 ਜੁਲਾਈ 2022 ਨੂੰ ਕੈਨੇਡਾ ਗਏ ਮਾਨਸਾ ਦੇ ਮਨਜੋਤ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਬੀਤੇ ਦਿਨੀਂ ਕੈਨੇਡਾ ਦੇ ਵਿੱਚ ਦਿੱਲ ਦਾ ਦੌਰਾ ਪੈਣ ਕਾਰਣ ਉਸ ਦੀ ਅਕਾਲ ਮੌਤ ਹੋ ਗਈ ਹੈ। ਜਿਸ ਕਾਰਨ ਮਾਨਸਾ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੱਲੋਂ ਅੱਜ ਮ੍ਰਿਤਕ ਦੇਹ ਨੂੰ ਲਿਆ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਮਨਜੋਤ ਸਿੰਘ ਬਿਮਾਰ ਹੋਣ ਕਾਰਨ ਜਨਵਰੀ ਮਹੀਨੇ ਘਰ ਵਾਪਸ ਆ ਗਿਆ ਸੀ ਅਤੇ ਤੰਦਰੁਸਤ ਹੋਣ ਤੋਂ ਬਾਅਦ 1 ਮਈ ਨੂੰ ਵਾਪਸ ਕੈਨੇਡਾ ਚਲਾ ਗਿਆ। 24 ਮਈ ਨੂੰ ਵੀਡੀਓ ਕਾਲ ਉੱਤੇ ਗੱਲ ਹੋਈ ਪਰ ਕੁਝ ਸਮੇਂ ਬਾਅਦ ਫਿਰ ਫੋਨ ਆਇਆ ਤਾਂ ਪਤਾ ਲੱਗਿਆ ਕਿ ਮਨਜੋਤ ਸਿੰਘ ਦੀ ਮੌਤ ਹੋ ਗਈ ਹੈ।
ਇਕਲੌਤੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ: ਮ੍ਰਿਤਕ ਨੌਜਵਾਨ ਦੀ ਮਾਂ ਵੀਰਪਾਲ ਕੌਰ ਅਤੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ ਬੜੇ ਚਾਵਾਂ ਨਾਲ ਇਕਲੌਤੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਅਤੇ ਪੁੱਤਰ ਵੀ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਵੀ ਬਹੁਤ ਨਸ਼ਾ ਹੈ ਅਤੇ ਮ੍ਰਿਤਕ ਮਨਜੋਤ ਰੋਜ਼ਾਨਾ ਦੱਸਦਾ ਸੀ ਕਿ ਕੈਨੇਡਾ ਵਿੱਚ ਕੁਝ ਨਹੀਂ ਅਤੇ ਜੋ ਬੱਚੇ ਆ ਰਹੇ ਹਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਉਨ੍ਹਾਂ ਕਿਹਾ ਕੈਨੇਡਾ ਵਿੱਚ ਵੀ ਬੇਰੁਜ਼ਗਾਰੀ ਸਿਖ਼ਰ ਉੱਤੇ ਹੈ। ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੇ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਮੈਨੂੰ ਫੋਨ ਕਾਲ ਕਰਕੇ ਉੱਥੋਂ ਦੇ ਹਾਲਾਤ ਦੱਸਦਾ ਰਹਿੰਦਾ ਸੀ ਅਤੇ ਉੱਥੋਂ ਦੇ ਹਾਲਾਤ ਬਹੁਤ ਬੁਰੇ ਹਨ। ਦੱਸ ਦਈਏ ਮ੍ਰਿਤਕ ਨੌਜਵਾਨ ਬਹੁਤ ਜਲਦ ਕੈਨੇਡਾ ਵਿੱਚ ਪੀਆਰ ਹੋਣ ਵਾਲ ਸੀ ਪਰ ਰੱਬ ਨੂੰ ਕੁੱਝ ਹੋਰ ਮਨਜ਼ੂਰ ਸੀ।