ਮਾਨਸਾ: ਬੁਢਲਾਡਾ ਦੇ ਪਿੰਡ ਕਲੀਪੁਰ ਅਤੇ ਰਾਮਨਗਰ ਭੱਠਲ ਵਿਚਕਾਰ ਲੰਘਦੀ ਨਹਿਰ ਚ 40 ਫੁੱਟ ਚੌੜਾ ਪਾੜ ਪੈਣ ਨਾਲ ਸੌ ਦੇ ਲਗਪਗ ਏਕੜ ਪੱਕਣ ਤੇ ਆਈ ਕਣਕ ਦੀ ਫਸਲ ਪ੍ਰਭਾਵਿਤ ਹੋ ਗਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਕਣਕ ’ਚ ਪਾਣੀ ਫਿਰਨ ਕਰਕੇ ਇਸ ਦੀ ਕਟਾਈ ਘੱਟੋ ਘੱਟ 15 ਦਿਨ ਲੇਟ ਸ਼ੁਰੂ ਹੋਵੇਗੀ ਅਤੇ ਉੱਪਰੋਂ ਆਏ ਦਿਨ ਬਦਲ ਰਹੇ ਮੌਸਮ ਦੇ ਮਿਜਾਜ਼ ਚਲਦਿਆਂ ਜੇਕਰ ਹਨ੍ਹੇਰੀ ਮੀਂਹ ਜਾਂ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।
ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਲਗਪਗ ਚਾਲੀ ਫੁੱਟ ਪਾੜ ਪੈਣ ਨਾਲ ਸੌ ਦੇ ਲਗਪਗ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ। ਨਹਿਰ ਦੇ ਪਾਣੀ ਨਾਲ ਕਿਸਾਨਾਂ ਨੇ ਵੀਹ ਪੱਚੀ ਲੱਖ ਦੀ ਫਸਲ ਬਰਬਾਦ ਹੋਣ ਦਾ ਖ਼ਦਸ਼ਾ ਜਤਾਇਆ ਹੈ, ਇਸ ਨੁਕਸਾਨ ਲਈ ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਜੇਈ ਨੇ ਕਿਹਾ ਕਿ ਕਣਕ ਦੇ ਪੱਕਣ ਤੇ ਆਉਣ ਤੇ ਪਾਣੀ ਦੀ ਜ਼ਰੂਰਤ ਨਾ ਹੋਣ ਕਰਕੇ ਇਸ ਨਹਿਰ ਦੇ ਜ਼ਿਆਦਾਤਰ ਮੋਗੇ ਬੰਦ ਰਹਿੰਦੇ ਹਨ ਜਿਸ ਕਾਰਨ ਪਾਣੀ ਵਧ ਜਾਣ ਤੇ ਕਿ ਅਚਾਨਕ ਨਹਿਰ ਟੁੱਟੀ ਹੈ। ਉਨ੍ਹਾਂ ਕਿਹਾ ਕਿ ਪਾਣੀ ਪਿਛੋਂ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਪਾੜ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਵਲੋਂ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ।