ਮਾਨਸਾ: ਲੌਕਡਾਊਨ ਖਤਮ ਹੁੰਦੇ ਹੀ ਪੰਜਾਬ ਵਿੱਚ 2 ਲੱਖ ਤੋਂ ਜ਼ਿਆਦਾ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਦੇ ਲਈ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਦੇ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਉੱਥੇ ਹੀ ਮਾਨਸਾ ਦੇ ਇਸ ਦਫ਼ਤਰ 'ਚ 8861 ਬੇਰੁਜ਼ਗਾਰਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਮਾਨਸਾ ਦੇ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 9 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਚਾਹਵਾਨ ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਿਸ ਵਿੱਚ 5802 ਲੇਬਰ ਕਲਾਸ ਦੇ ਲਈ 1714 ਸਕਿਲਡ ਅਤੇ ਸੈਮੀ ਸਕਿਲਡ ਅਤੇ 1345 ਸਵੈ-ਰੁਜ਼ਗਾਰ ਦੇ ਲਈ ਰਜਿਸਟ੍ਰੇਸ਼ਨ 'ਚ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਲੌਕਡਾਉਨ ਦੇ ਦੌਰਾਨ ਉਨ੍ਹਾਂ ਦੇ ਸਟਾਫ ਵੱਲੋਂ ਲੋਕਲ ਪੱਧਰ 'ਤੇ ਖ਼ਾਲੀ ਪਈਆਂ ਅਸਾਮੀਆਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਰਜਿਸਟਰਡ ਹੋਏ ਬੇਰੁਜ਼ਗਾਰ ਲੋਕਾਂ ਨੂੰ ਚੁਣਨ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 24 ਜੁਲਾਈ ਨੂੰ ਕਈ ਨਾਮੀ ਕੰਪਨੀਆਂ ਦੇ ਨਾਲ ਮਿਲ ਕੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ ਅਤੇ ਰੋਜ਼ਗਾਰ ਬਿਊਰੋ ਪੰਜਾਬ ਨਾਲ ਰਜਿਸਟਰਡ ਲੋਕ ਉਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸਦੇ ਇਲਾਵਾ 24 ਸਤੰਬਰ ਅਤੇ 30 ਸਤੰਬਰ ਨੂੰ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਇਹ ਵੀ ਪੜੋ: ਪੋਸ਼ਾਕ ਮਾਮਲੇ 'ਤੇ ਬੋਲੇ ਭਗਵੰਤ ਮਾਨ, 'ਬਾਦਲਾਂ ਤੇ ਮਜੀਠੀਆ ਦੇ ਪਾਸਪੋਰਟ ਕੀਤੇ ਜਾਣ ਜ਼ਬਤ'