ਮਾਨਸਾ : ਇੱਥੇ ਅਨਾਜ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਫ਼ਸਲ ਦੀ ਢੋਆ-ਢੁਆਈ ਨੂੰ ਲੈ ਕੇ ਲੇਬਰ ਦੀ ਪੂਰਤੀ ਦੇ ਲਈ ਕੁੱਝ ਦਿਨਾਂ ਵਿੱਚ ਟੈਂਡਰ ਹੋਣੇ ਸਨ। ਉਸੇ ਨੂੰ ਲੈ ਕੇ ਫੂਡ ਸਪਲਾਈ ਦਫ਼ਤਰ ਵਿੱਚ ਐਨਓਸੀ ਲੈਣ ਦੇ ਲਈ ਆਏ ਟਰੱਕ ਅਪਰੇਟਰਾਂ ਮਲਕੀਤ ਸਿੰਘ ਪਾਪੜਾ ਅਤੇ ਪ੍ਰਿਤਪਾਲ ਸਿੰਘ ਡਾਲੀ ਦੇ ਦੋ ਧੜਿਆਂ ਦਰਮਿਆਨ ਟੈਂਡਰ ਪਾਉਣ ਨੂੰ ਲੈ ਕੇ ਤਕਰਾਰ ਹੋ ਗਿਆ।
ਇਹ ਤਕਰਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਗੋਲੀਆਂ ਅਤੇ ਗੰਡਾਸੇ ਤੱਕ ਸ਼ਰੇਆਮ ਚੱਲੇ। ਇਸ ਦੌਰਾਨ ਹੋਈ ਲੜਾਈ ਅਤੇ ਫ਼ਾਇਰਿੰਗ ਦੌਰਾਨ ਚੰਦਰ ਮੋਹਨ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਇੱਕ ਵਿਅਕਤੀ ਓਂਕਾਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਓਂਕਾਰ ਸਿੰਘ ਨੇ ਦੱਸਿਆ ਕਿ ਚੰਦਰ ਮੋਹਨ ਉਨ੍ਹਾਂ ਨੂੰ ਐਨਓਸੀ ਲੈਣ ਦੇ ਲਈ ਆਪਣੇ ਨਾਲ ਲੈ ਕੇ ਗਿਆ ਸੀ ਜਿਸ ਦੇ ਨਾਲ ਉਸ ਦਾ ਭਾਈ ਅਸ਼ਵਨੀ ਅਤੇ ਉਸ ਦੀ ਪਤਨੀ ਵੀ ਸੀ। ਉਸ ਨੇ ਦੱਸਿਆ ਕਿ ਚੰਦਰ ਮੋਹਨ ਵਿਰੋਧੀ ਪੱਖ ਦੀ ਗੱਡੀ ਕੋਲ ਖੜ੍ਹਾ ਸੀ ਕਿ ਇੱਕ ਦਮ ਗੋਲੀਆਂ ਚੱਲਣ ਲੱਗੀਆਂ ਤੇ ਉਹ ਡਿੱਗ ਪਿਆ ਜਦੋਂ ਉਹ ਉਸ ਨੂੰ ਖਿੱਚ ਕੇ ਲੈ ਕੇ ਜਾਣ ਲੱਗਿਆ ਤਾਂ ਉਹ ਗੋਲੀਆਂ ਦੇ ਛਰਿਆਂ ਨਾਲ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਜੋਧਪੁਰ: ਟ੍ਰੇਲਰ ਅਤੇ ਪਿਕਅਪ ਵਿਚਕਾਰ ਟੱਕਰ, 11 ਦੀ ਮੌਤ, 3 ਜ਼ਖਮੀ
ਉਧਰ ਮ੍ਰਿਤਕ ਦੇ ਭਰਾ ਅਸ਼ਵਨੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਹੈ। ਇਸ ਤੋਂ ਪਹਿਲਾਂ ਵੀ ਸਾਬਕਾ ਪ੍ਰਧਾਨ ਨੇ ਉਨ੍ਹਾਂ ਦੇ ਇੱਕ ਲੜਕੇ ਨੂੰ ਆਪਣੇ ਘਰ ਵਿੱਚ ਬੰਦੀ ਬਣਾ ਲਿਆ ਸੀ ਜਿਸ ਨੂੰ ਲੈ ਕੇ ਉਸ ਵਿਰੁੱਧ ਐੱਫ.ਆਈ.ਆਰ ਵੀ ਦਰਜ ਹੈ। ਉਸੇ ਰੰਜਿਸ਼ ਨੂੰ ਲੈ ਕੇ ਉਹ ਪਹਿਲਾਂ ਵੀ ਚੰਦਰ ਮੋਹਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।
ਉਸ ਨੇ ਦੱਸਿਆ ਕਿ ਉਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੱਲ੍ਹ ਜ਼ਿਲ੍ਹਾ ਪ੍ਰੀਸ਼ਦ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਚੰਦਰ ਮੋਹਨ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਚੰਦਰ ਮੋਹਨ ਦਾ ਕਤਲ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।