ਮਾਨਸਾ: ਮੂਸਾ ਚੁੰਗੀ ਕੋਲ ਪੁਲਿਸ ਨੂੰ 16-17 ਸਾਲ ਦੇ ਨਾਬਾਲਿਗ ਮੁੰਡੇ ਦੀ ਅੱਧ ਸੜੀ ਲਾਸ਼ ਮਿਲੀ। ਲਾਸ਼ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਲੜਕੇ ਦੇ ਹੱਥ, ਪੈਰ ਅਤੇ ਮੂੰਹ ਤੇ ਪੱਟੀ ਬੰਨ੍ਹ ਕੇ ਉਸ ਨੂੰ ਸਾੜਿਆ ਗਿਆ ਹੋਵੇ। ਮ੍ਰਿਤਕ ਦੀ ਪਛਾਣ ਜਸਪ੍ਰੀਤ ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨ ਜਸਪ੍ਰੀਤ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਤ ਨੂੰ ਘਰ ਨਹੀਂ ਆਇਆ ਤਾਂ ਉਨ੍ਹਾਂ ਸੋਚਿਆ ਕਿ ਕਿਤੇ ਕੰਮ ਉੱਤੇ ਚਲਾ ਗਿਆ ਹੋਵੇਗਾ। ਸਵੇਰੇ ਜਦੋਂ ਉਨ੍ਹਾਂ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਉਹ ਦੇਖਣ ਗਏ। ਉੱਥੇ ਜਾ ਕੇ ਪਤਾ ਚੱਲਿਆ ਕਿ ਇਹ ਲਾਸ਼ ਉਨ੍ਹਾਂ ਦੇ ਪੁੱਤਰ ਦੀ ਹੀ ਹੈ।
ਉਨ੍ਹਾਂ ਇਸ ਲਈ ਵੱਡੇ ਪੁੱਤਰ ਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਜ਼ਿੰਮੇਦਾਰ ਦੱਸਿਆ ਹੈ ਕਿਉਂਕਿ ਉਸ ਨੇ ਦੋ ਸਾਲ ਪਹਿਲਾਂ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਕਾਰਨ ਕੁੜੀ ਦਾ ਪਰਿਵਾਰ ਖੁਸ਼ ਨਹੀਂ ਸੀ ਅਤੇ ਉਹ ਬਦਲਾ ਲੈਣ ਦੀ ਗੱਲ ਕਹਿੰਦੇ ਸਨ।
ਥਾਣਾ ਸਿਟੀ ਵਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ ਪਰ ਪੁਲਿਸ ਦੁਆਰਾ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।