ਮਾਨਸਾ: ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ 23 ਸਾਲਾ ਫੌਜੀ ਸਿਪਾਹੀ ਪ੍ਰਭਦਿਆਲ ਸਿੰਘ ਨੇ ਆਪਣੀ ਡਿਊਟੀ ਦੌਰਾਨ ਸੂਰਤਗੜ ਵਿੱਚ ਪੱਗ ਦਾ ਫੰਦਾ ਬਣਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਫੌਜੀ ਸਿਪਾਹੀ ਦੀਆਂ ਖੁਦਕੁਸ਼ੀ ਤੋਂ ਪਹਿਲਾਂ ਦੀਆਂ 2 ਆਡੀਓ ਵਾਇਰਲ ਹੋ ਰਹੀਆਂ ਹਨ। ਇੱਕ ਆਡੀਓ ਵਿਚ ਉਹ ਆਪਣੀ ਮਾਤਾ ਤੋਂ ਮਾਫੀ ਮੰਗ ਉਸਨੂੰ ਦੁਖੀ ਨਾ ਹੋਣ ਦੀ ਗੱਲ ਕਹਿ ਰਿਹਾ ਹੈ ਅਤੇ ਦੂਜੀ ਆਡੀਓ ਵਿੱਚ ਉਹ ਫੌਜ ਵਿੱਚ ਗੁਲਾਮ ਹੋਣ ਅਤੇ ਫੌਜ ਦੇ ਤਿੰਨ ਅਧਿਕਾਰੀਆਂ ਉੱਪਰ ਉਸਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਉਸਨੇ ਕਿਹਾ ਹੈ ਕਿ ਉਸਦੇ ਨਾਲ ਹੋਣ ਵਾਲੀ ਕਿਸੇ ਵੀ ਅਨਹੋਨੀ ਲਈ ਤਿੰਨ ਅਧਿਕਾਰੀ ਜਿੰਮੇਵਾਰ ਹੋਣਗੇ। ਮ੍ਰਿਤਕ ਫੌਜੀ ਦੇ ਦਾਦਾ ਅਤੇ ਚਾਚਾ ਨੇ ਆਡੀਓ ਵਿੱਚ ਫੌਜੀ ਸਿਪਾਹੀ ਪ੍ਰਭਦਰਦਿਆਲ ਸਿੰਘ ਦੀ ਅਵਾਜ਼ ਹੋਣ ਦੀ ਪੁਸ਼ਟੀ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ
ਫੌਜੀ ਸਿਪਾਹੀ ਪ੍ਰਭਦਿਆਲ ਸਿੰਘ ਦੇ ਦਾਦਾ ਮਹਿੰਦਰ ਸਿੰਘ ਅਤੇ ਚਾਚਾ ਨਵਦੀਪ ਸਿੰਘ ਨੇ ਫੌਜੀ ਸਿਪਾਹੀ ਪ੍ਰਭਦਿਆਲ ਸਿੰਘ ਦੀ ਵਾਇਰਲ ਹੋ ਰਹੀ ਆਡੀਓ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਭਦਿਆਲ ਸਿੰਘ ਨੇ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਤੋਂ ਪਹਿਲਾਂ ਉਸਨੇ ਆਪਣੀ ਮਾਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਪਾਈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਫਸਰਾਂ ਤੋਂ ਫੌਜੀ ਜਵਾਨ ਪਰੇਸ਼ਾਨ ਸੀ ਉਨ੍ਹਾਂ ਵਿੱਚ ਓ.ਸੀ. ਰੈਂਕ ਦਾ ਅਧਿਕਾਰੀ ਪੀ.ਐਸ. ਕੋਚਰ, ਸੂਬੇਦਾਰ ਮੇਜਰ ਉਧਮਜੀਤ ਸਿੰਘ ਅਤੇ ਇੱਕ ਹੋਰ ਅਧਿਕਾਰੀ ਸ਼ਾਮਿਲ ਹੈ ਜਿਨ੍ਹਾਂ ਨੇ ਫੌਜੀ ਨੂੰ ਪਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਾਇਰਲ ਹੋ ਰਹੀਆਂ ਦੋਨਾਂ ਆਡੀਓ ਵਿੱਚ ਅਵਾਜ ਸਾਡੇ ਫੌਜੀ ਜਵਾਨ ਪ੍ਰਭਦਿਆਲ ਸਿੰਘ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇਸ ਮਾਮਲੇ ਬਾਰੇ ਜਾਣੂ ਕਰਾਉਣ ਲਈ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਪ੍ਰਭਦਿਆਲ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਫੌਜੀ ਅਧਿਕਾਰੀਆਂ ਨੇ ਉਸਦਾ ਕਤਲ ਕੀਤਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪ੍ਰਭਦਿਆਲ ਸਿੰਘ ਦੀ ਮੌਤ ਲਈ ਜਿੰਮੇਵਾਰ ਫੌਜ ਦੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ :