ਲੁਧਿਆਣਾ: ਜ਼ਿਲ੍ਹੇ ਦੇ ਜਗਰਾਓਂ ਪੁਲ ’ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਜਾਮ ਲਗਾਇਆ ਗਿਆ ਹੈ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਫੌਜ ਵਿੱਚ ਭਰਤੀ ਦਾ ਪੇਪਰ ਨਾ ਹੋਣ ਤੋਂ ਨਾਰਾਜ਼ ਨੌਜਵਾਨਾਂ ਨੇ ਲੁਧਿਆਣਾ ਦੇ ਜਗਰਾਓਂ ਪੁੱਲ ’ਤੇ ਜਾਮ ਲਾਇਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਨੌਜਵਾਨਾਂ ਵੱਲੋਂ ਜਾਮ ਲਗਾ ਕੇ ਫੌਜ ਦੀ ਭਰਤੀ ਲਈ ਤੁਰੰਤ ਪੇਪਰ ਕਰਵਾਉਣ ਦੀ ਮੰਗ ਕੀਤੀ ਗਈ।
ਨੌਜਵਾਨਾਂ ਨੇ ਦੱਸਿਆ ਕਿ ਦਸੰਬਰ 2020 ਵਿੱਚ ਉਨ੍ਹਾਂ ਦੀ ਭਰਤੀ ਹੋਈ ਸੀ ਉਨ੍ਹਾਂ ਦਾ ਮੈਡੀਕਲ ਕਲੀਅਰ ਹੋ ਚੁੱਕਾ ਹੈ ਫਿਜ਼ੀਕਲ ਕਲੀਅਰ ਹੋ ਚੁੱਕਾ ਹੈ ਪਰ ਪੇਪਰ ਹੋਣਾ ਬਾਕੀ ਸੀ ਜਿਸ ਨੂੰ ਬੀਤੇ ਦੋ ਸਾਲਾਂ ਤੋਂ ਲਗਾਤਾਰ ਟਾਲਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਈ ਤਰੀਕਾਂ ਪਾ ਕੇ ਉਨ੍ਹਾਂ ਨੂੰ ਟਾਲ ਮਟੋਲ ਕਰਕੇ ਪ੍ਰਸ਼ਾਸਨ ਹਮੇਸ਼ਾ ਲਾਰੇ ਲਗਾ ਦਿੰਦਾ ਹੈ ਅਤੇ ਕਦੇ ਕੋਰੋਨਾ ਦਾ ਹਵਾਲਾ ਦਿੰਦਾ ਹੈ ਅਤੇ ਕਦੇ ਚੋਣਾਂ ਦਾ ਹਵਾਲਾ ਦਿੰਦਾ ਹੈ। ਨੌਜਵਾਨਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਭਰਤੀ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਉਮਰਾਂ ਵੀ ਹੁਣ ਦੋ ਦੋ ਸਾਲ ਵਧ ਚੁੱਕੀਆਂ ਹਨ।
ਇਸਦੇ ਨਾਲ ਹੀ ਨੌਜਵਾਨਾਂ ਨੇ ਮੰਗ ਕੀਤੀ ਹੈ ਉਨ੍ਹਾਂ ਨੂੰ ਦੋ ਸਾਲ ਉਮਰ ਵਿੱਚ ਰਿਆਇਤ ਦਿੱਤੀ ਜਾਵੇ ਤੇ ਨਾਲ ਹੀ ਇਕ ਨਿਰਧਾਰਿਤ ਮਿਤੀ ਦੱਸੀ ਜਾਵੇ ਜਿਸ ਦਿਨ ਉਨ੍ਹਾਂ ਦਾ ਪੇਪਰ ਹੋਵੇ। ਉਨ੍ਹਾਂ ਕਿਹਾ ਕਿ ਉਹ ਪਰੇਸ਼ਾਨ ਹੋ ਚੁੱਕੇ ਹਨ ਕਿਉਂਕਿ ਗਰੀਬ ਘਰਾਂ ਦੇ ਹਨ। ਨੌਜਵਾਨਾਂ ਨੇ ਕਿਹਾ ਕਿ ਪੇਪਰ ਨਾ ਹੋਣ ਕਰਕੇ ਭਰਤੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਵਾਂਝੇ ਹਨ।
ਉਨ੍ਹਾਂ ਕਿਹਾ ਕਿ ਪੂਰੇ ਲੁਧਿਆਣਾ ਰੀਜਨ ਦੇ ਵਿੱਚ ਭਰਤੀਆਂ ਦੇ ਪੇਪਰ ਲਈ 1800 ਤੋਂ ਵੱਧ ਨੌਜਵਾਨਾਂ ਨੇ ਭਰਤੀ ਦਿੱਤੀ ਸੀ ਅਤੇ ਸਾਰਿਆਂ ਦੀ ਸਿਲੈਕਸ਼ਨ ਹੋਈ ਸੀ ਪਰ ਹੁਣ ਸਿਰਫ ਪੇਪਰ ਨਾ ਹੋਣ ਕਰਕੇ ਸਾਰਾ ਹੀ ਕੰਮ ਫਸਿਆ ਹੋਇਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਤੁਰੰਤ ਪੇਪਰ ਕਰਵਾਇਆ ਜਾਵੇ ਨਹੀਂ ਤਾਂ ਉਹ ਮੁੜ ਤੋਂ ਜਗਰਾਓਂ ਪੁੱਲ ਜਾਮ ਕਰਨਗੇ। ਦੱਸ ਦਈਏ ਕਿ ਜਾਮ ਕਰਕੇ ਜਗਰਾਓਂ ਪੁੱਲ ’ਤੇ ਲੰਮੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਪੁਲਿਸ ਨੂੰ ਟ੍ਰੈਫਿਕ ਡਾਇਵਰਟ ਕਰਨਾ ਪਿਆ।
ਇਹ ਵੀ ਪੜ੍ਹੋ:ਅੰਮ੍ਰਿਤਸਰ ਤੋਂ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਦੇ ਲੱਗੇ ਭਗੌੜਾ ਦੇ ਪੋਸਟਰ