ਲੁਧਿਆਣਾ: ਦੁੱਗਰੀ 'ਚ ਇੱਕ ਮਹਿਲਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਸਹੁਰਿਆਂ 'ਤੇ ਇਲਜ਼ਾਮ ਲਗਾਉਂਦਿਆਂ ਪੁਲਿਸ ਸਟੇਸ਼ਨ ਦੁੱਗਰੀ ਦੇ ਬਾਹਰ ਹੰਗਾਮਾ ਕੀਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਲੁਧਿਆਣਾ ਦੇ ਦੁੱਗਰੀ ਵਿੱਚ ਵਿਆਹੀ ਹੋਈ ਸੀ ਪਰ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਪਰ ਜਦੋਂ ਤੱਕ ਉਹ ਘਰ ਪਹੁੰਚੇ ਤਾਂ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਧੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।
ਪਰਿਵਾਰ ਨੇ ਇਲਜ਼ਾਮ ਲਗਾਏ ਕਿ ਪਹਿਲਾਂ ਵੀ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਹੀ ਇਹ ਪੂਰੀ ਸਾਜ਼ਿਸ਼ ਰਚੀ ਗਈ ਹੈ ਜਿਸ ਵਿੱਚ ਕੁਝ ਸਿਆਸੀ ਆਗੂ ਵੀ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਦੁੱਗਰੀ ਪੁਲਿਸ ਸਟੇਸ਼ਨ ਇਸ ਸਬੰਧੀ ਬਿਆਨ ਦਰਜ ਕਰਵਾਉਣ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦੇ ਬਿਆਨ ਲੈਣ ਵਿੱਚ ਵੀ ਕਾਫੀ ਸਮਾਂ ਲਗਾ ਦਿੱਤਾ। ਉਹ ਸਵੇਰ ਤੋਂ ਖੱਜਲ ਖੁਆਰ ਹੁੰਦੇ ਰਹੇ ਪਰ ਉਨ੍ਹਾਂ ਦੇ ਬਿਆਨ ਨਹੀਂ ਲਏ ਗਏ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਲਾਉਣਾ ਪਿਆ।
ਹੰਗਾਮੇ ਤੋਂ ਬਾਅਦ ਪੁਲਿਸ ਮੁਲਾਜ਼ਮ ਪਰਿਵਾਰ ਨੂੰ ਮਨਾਉਂਦੇ ਹੋਏ ਅਤੇ ਖਿੱਚ ਖਿੱਚ ਕੇ ਥਾਣੇ ਅੰਦਰ ਲੈ ਜਾਂਦੇ ਹੋਏ ਵੀ ਵਿਖਾਈ ਦਿੱਤੇ ਪਰ ਪਰਿਵਾਰ ਆਪਣੀ ਜ਼ਿੱਦ 'ਤੇ ਅੜਿਆ ਰਿਹਾ ਅਤੇ ਬਿਨਾਂ ਬਿਆਨ ਦਰਜ਼ ਕਰਵਾਏ ਹੀ ਵਾਪਸ ਪਰਤ ਗਿਆ। ਪੁਲਿਸ ਇਸ ਮਾਮਲੇ 'ਚ ਮੀਡੀਆ ਤੋਂ ਬਚਦੀ ਨਜ਼ਰ ਆ ਰਹੀ ਹੈ ਅਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।