ਲੁਧਿਆਣਾ: ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਵਾਪਸ ਜਾਣ ਤੋਂ ਬਾਅਦ ਤਾਲਿਬਾਨੀਆਂ ਨੇ ਮੁੜ ਤੋਂ ਜੁਲਮ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ‘ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਘੱਟਗਿਣਤੀਆਂ ਦੇ ਧਾਰਮਿਕ ਸਥਾਨ ਗੁਰਦੁਆਰੇ ਸਾਹਿਬ ਸਥਾਨ ਨੂੰ ਵੀ ਤਾਲਿਬਾਨੀਆਂ ਨੇ ਨਿਸ਼ਾਨਾ ਬਣਾਇਆ ਹੈ। ਅਫਗਾਨਿਸਤਾਨ ਵਿਚ ਰਹਿਣ ਵਾਲੇ ਹਿੰਦੂ ਸਿੱਖ ਪਰਿਵਾਰ ਮੰਦਿਰ ਜਾਂ ਗੁਰਦੁਆਰੇ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ।
ਸਹਿਮ ‘ਚ ਅਫਗਾਨੀ ਸਿੱਖ ਪਰਿਵਾਰ
ਜੋ ਪਰਿਵਾਰ ਪਹਿਲਾਂ ਹੀ ਅਫ਼ਗਾਨਿਸਤਾਨ ਛੱਡ ਕੇ ਭਾਰਤ ਕਈ ਸਾਲ ਪਹਿਲਾਂ ਆਏ ਸਨ ਉਹ ਵੀ ਕੋਈ ਬਹੁਤੇ ਚੰਗੇ ਹਾਲਾਤਾਂ ‘ਚ ਨਹੀਂ ਹਨ। ਹਾਲਾਂਕਿ ਉਨ੍ਹਾਂ ਨੂੰ ਸਰਕਾਰ ਨੇ ਭਾਰਤੀ ਨਾਗਰਿਕਤਾ ਤਾਂ ਜ਼ਰੂਰ ਦੇ ਦਿੱਤੀ ਹੈ ਪਰ ਹਾਲੇ ਵੀ ਕਈ ਸਹੂਲਤਾਂ ਤੋਂ ਵਾਂਝੇ ਹਨ ਖਾਸ ਕਰਕੇ ਉਨ੍ਹਾਂ ਦੇ ਆਧਾਰ ਕਾਰਡ ਨਾ ਬਣਨ ਕਰਕੇ ਉਨ੍ਹਾਂ ਦੇ ਬੱਚੇ ਸਕੂਲ ਜਾਣ ਤੋਂ ਵੀ ਵਾਂਝੇ ਹਨ। ਉੱਥੇ ਹੀ ਦੂਜੇ ਪਾਸੇ ਨਾ ਤਾਂ ਇਨ੍ਹਾਂ ਦੇ ਨੀਲੇ ਕਾਰਡ ਹਨ ਅਤੇ ਨਾ ਹੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਇਨ੍ਹਾਂ ਤੱਕ ਪਹੁੰਚ ਰਹੀ ਹੈ।
ਘੱਟ ਗਿਣਤੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਲੁਧਿਆਣਾ ‘ਚ ਰਹਿ ਰਹੇ ਅਫਗਾਨਿਸਤਾਨ ਤੋਂ ਪਰਤੇ ਸਿੱਖ ਪਰਿਵਾਰਾਂ ਨੇ ਦੱਸਿਆ ਕਿ 2012 ਦੇ ਵਿਚ ਉਹ ਅਫਗਾਨਿਸਤਾਨ ਤੋਂ ਕਾਬੁਲ ਪਰਤ ਆਏ ਸਨ ਅਤੇ ਹੁਣ ਉਥੇ ਹਾਲਾਤ ਹੋਰ ਵੀ ਖਰਾਬ ਹਨ ਕਿਉਂਕਿ ਤਾਲਿਬਾਨੀਆਂ ਵੱਲੋਂ ਘੱਟ ਗਿਣਤੀਆਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ।
ਭਾਰਤ ਤੇ ਅਫਗਾਨਿਸਤਾਨ ਸਰਕਾਰ ਨੂੰ ਅਪੀਲ
ਬੀਤੇ ਮਹੀਨਿਆਂ ਦੌਰਾਨ ਗੁਰਦੁਆਰਾ ਸਾਹਿਬਾਨਾਂ ‘ਤੇ ਹਮਲੇ ਹੋਏ ਹਨ ਜਿਸ ਵਿੱਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਖੋ ਦਿੱਤਾ ਹੈ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਹਾਲੇ ਵੀ ਅਫਗਾਨਿਸਤਾਨ ‘ਚ ਫਸੇ ਹੋਏ ਹਨ। ਇਸ ਦੌਰਾਨ ਪਰਿਵਾਰਾਂ ਦੇ ਵੱਲੋਂ ਅਫਗਾਨਿਸਤਾਨ ਦੀ ਸਰਕਾਰ ਤੇ ਭਾਰਤ ਸਰਕਾਰ ਤੋਂ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਦੀ ਸੁਰੱਖਿਆ ਕਰਨ ਦੀ ਮੰਗ ਕੀਤੀ ਹੈ।
ਦੋ ਵਕਤ ਦੀ ਰੋਟੀ ਦੇ ਹੋਏ ਮੁਥਾਜ
ਪਰਿਵਾਰਾਂ ਨੇ ਦੱਸਿਆ ਕਿ ਨਾ ਹਾਲਾਤ ਉੱਥੇ ਸਹੀ ਸਨ ਅਤੇ ਨਾ ਹੀ ਭਾਰਤ ਵਿੱਚ ਬਹੁਤੇ ਚੰਗੇ ਹਨ ਕਿਉਂਕਿ ਇੱਥੇ ਵੀ ਉਹ ਕੋਈ ਬਹੁਤੇ ਸੁਖੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਾਂ ਜੋ ਦੋ ਵਕਤ ਦੀ ਰੋਟੀ ਨਸੀਬ ਹੋ ਜਾਵੇ।
ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਪਰਿਵਾਰ
ਉਨ੍ਹਾਂ ਨੇ ਦੱਸਿਆ ਕਿ ਨਾਂ ਤਾਂ ਉਨ੍ਹਾਂ ਦੇ ਆਧਾਰ ਕਾਰਡ ਨੇ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਕੋਈ ਸਹੂਲਤਾਂ ਮਿਲਦੀਆਂ ਹਨ। ਪਰਿਵਾਰਾਂ ਨੇ ਦੱਸਿਆ ਕਿ ਆਧਾਰ ਕਾਰਡ ਨਾ ਹੋਣ ਦੇ ਕਾਰਨ ਬੱਚੇ ਪੜ੍ਹ ਨਹੀਂ ਪਾਉਂਦੇ ਅਤੇ ਰੇਹੜੀਆਂ-ਫੜੀਆਂ ਚਲਾ ਕੇ ਜਾਂ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰੇ ਕਰਦੇ ਹਨ। ਉਧਰ ਇਨ੍ਹਾਂ ਦੇ ਬੱਚਿਆਂ ਨੇ ਮਾਯੂਸੀ ਨਾਲ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੇ ਵਿੱਚ ਪੜ੍ਹਾਈ ਕਰਨ ਦੇ ਵਿੱਚ ਵੱਡੀ ਮੁਸ਼ਕਿਲ ਆਉਂਦੀ ਹੈ। ਉੁਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪਹਿਚਾਣ ਪੱਤਰ ਮੰਗੇ ਜਾਂਦੇ ਹਨ।
ਇਹ ਵੀ ਪੜ੍ਹੋ:ਤਾਲਿਬਾਨ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਵਿੱਚ ਨਹੀਂ ਰੱਖਦਾ ਦਿਲਚਸਪੀ