ਲੁਧਿਆਣਾ: ਪਿੰਡ ਕਿਲ੍ਹਾ ਰਾਏਪੁਰ ਦੇ ਵਿੱਚ ਸਥਿਤ ਅਡਾਨੀ ਖੁਸ਼ਕ ਬੰਦਰਗਾਹ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਬੀਤੇ ਸੱਤ ਮਹੀਨਿਆਂ ਤੋਂ ਲਗਾਤਾਰ ਇਸ ਬੰਦਰਗਾਹ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਟਰਾਲੀਆਂ ਲਗਾ ਕੇ ਇਸ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਸੀ ਜਿਸਦੇ ਚਲਦਿਆਂ ਅਡਾਨੀ ਗਰੁੱਪ ਵੱਲੋਂ ਇਹ ਬੰਦਰਗਾਹ ਫਿਲਹਾਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ।
ਇਸ ਨਾਲ ਕਈ ਨੌਜਵਾਨ ਬੇਰੁਜ਼ਗਾਰ ਵੀ ਹੋ ਗਏ ਹਨ ਜੋ ਇਸ ਬੰਦਰਗਾਹ ਦੇ ਅੰਦਰ ਕੰਮ ਕਰਦੇ ਸਨ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਹੱਕ ਲਈ ਲੜਾਈ ਲੜਾਂਗੇ ਹਾਲਾਂਕਿ ਕਿਸਾਨਾਂ ਨੇ ਇਸ ਮੁੱਦੇ ਨੂੰ ਲੈ ਕੇ ਆਪਣੀ ਵੱਡੀ ਜਿੱਤ ਦੱਸਿਆ ਹੈ। ਕਿਸਾਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਕਿਸੇ ਸਰਕਾਰ ਜਾਂ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਸਗੋਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਹੈ ਜੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਈਆਂ ਜਾ ਰਹੀਆਂ ਹਨ।
ਕਿਸਾਨਾਂ ਨੇ ਦੱਸਿਆ ਕਿ ਉਹ ਬੀਤੇ ਸੱਤ ਮਹੀਨਿਆਂ ਤੋਂ ਇੱਥੇ ਲੜਾਈ ਲੜ ਰਹੇ ਹਨ ਅਤੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਉਹ ਸਾਹ ਲੈਣਗੇ। ਕਿਸਾਨਾਂ ਨੂੰ ਜਦੋਂ ਨੌਜਵਾਨ ਬੇਰੁਜ਼ਗਾਰ ਹੋਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਤਾਦਾਦ ਵਿੱਚ ਨੌਜਵਾਨ ਕੰਮ ਨਹੀਂ ਕਰਦੇ ਸਨ ਸਿਰਫ਼ 40 ਨੌਜਵਾਨ ਕੰਮ ਕਰਦੇ ਸਨ ਇਹ ਗਲਤ ਏਜੰਡਾ ਫੈਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਵਰਕਰ ਨੂੰ ਨਾ ਹੀ ਅੰਦਰ ਜਾਣ ਤੋਂ ਰੋਕਿਆ ਤੇ ਨਾ ਹੀ ਬਾਹਰ ਹੋਣ ਤੋਂ ਸਿਰਫ ਜੋ ਮਾਲ ਇੱਥੇ ਲਿਆਂਦਾ ਜਾ ਰਿਹਾ ਸੀ ਉਸ ਨੂੰ ਰੋਕਿਆ ਗਿਆ ਹੈ। ਕਿਸਾਨਾਂ ਨੇ ਸਾਫ ਕਿਹਾ ਕਿ ਉਹ ਇੱਥੇ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਅਡਾਨੀ ਇੱਥੋਂ ਚਲਾ ਗਿਆ ਇਹ ਉਨ੍ਹਾਂ ਦੀ ਵੱਡੀ ਜਿੱਤ ਹੈ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਵੱਡੇ ਸਨਅਤਕਾਰ ਪੰਜਾਬ ਜਾਂ ਲੁਧਿਆਣਾ ਨੂੰ ਛੱਡ ਕੇ ਜਾਣਗੇ ਤਾਂ ਇਸ ਦਾ ਇੰਡਸਟਰੀ ‘ਤੇ ਮਾੜਾ ਪ੍ਰਭਾਵ ਪਵੇਗਾ।
ਇਹੀ ਵੀ ਪੜ੍ਹੋ:ਦੋ ਪੰਜਾਬੀਆਂ ਨੇ ਦਿੱਲੀ 'ਚ 'ਮਾਂ ਬੋਲੀ' ਦੀ ਇੱਜ਼ਤ ਰੋਲੀ