ਲੁਧਿਆਣਾ: ਪੰਜਾਬ ਦੇ ਵਿੱਚ 40 ਫ਼ੀਸਦੀ ਤੋਂ ਵੱਧ ਮਹਿਲਾ ਵੋਟਰ ਹਨ ਪਰ ਸਿਆਸਤ ‘ਚ ਮਹਿਲਾ ਆਗੂਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਘੱਟ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਸਿਰਫ਼ ਇੱਕੋ ਹੀ ਮਹਿਲਾ ਮੁੱਖ ਮੰਤਰੀ ਰਹੀ ਹੈ। ਬੀਬੀ ਰਾਜਿੰਦਰ ਕੌਰ ਭੱਠਲ (Rajinder Kaur Bhattal) 21 ਜਨਵਰੀ 1996 ਤੋਂ ਲੈ ਕੇ ਫਰਵਰੀ 1997 ਲਗਪਗ ਇੱਕ ਸਾਲ ਤੱਕ ਹੀ ਕਾਂਗਰਸ (Congress) ਵੱਲੋਂ ਪੰਜਾਬ ਦੀ ਮੁੱਖ ਮੰਤਰੀ ਰਹੀ ਹੈ। ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਸੂਚੀ ਵਿਚ 64 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਮਹਿਜ਼ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਇੱਕੋ ਹੀ ਉਮੀਦਵਾਰ ਬੀਬੀ ਹਰਜਿੰਦਰ ਕੌਰ ਲੂੰਬਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਸ਼ੁਤਰਾਣਾ ਸੀਟ ਰਿਜ਼ਰਵ ਹੈ।
ਕੇਂਦਰ ‘ਚ ਮਹਿਲਾ ਸਿਆਸਤਦਾਨ
ਮਹਿਲਾ ਆਗੂਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੂਬਿਆਂ ਨਾਲੋਂ ਕੇਂਦਰ ਦੇ ਵਿੱਚ ਸ਼ਮੂਲੀਅਤ ਜ਼ਿਆਦਾ ਰਹੀ ਹੈ। ਜੁਲਾਈ 2007 ਤੋਂ ਲੈ ਕੇ 2012 ਤੱਕ ਦੇਸ਼ ਦੀ ਪਹਿਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ (Pratibha Patil) ਦਾ ਕਾਰਜਕਾਲ ਰਿਹਾ। ਉਨ੍ਹਾਂ ਦਾ ਜਨਮ 1934 ਵਿੱਚ ਹੋਇਆ ਸੀ ਹਾਲਾਂਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸਮੇਂ ਜ਼ਰੂਰ ਵੱਡੇ ਮਹਿਲਾ ਚਿਹਰੇ ਦੇਸ਼ ਦੀ ਕਮਾਨ ਸੰਭਾਲਦੇ ਰਹੇ। ਇਨ੍ਹਾਂ ਵਿੱਚ ਇੰਦਰਾ ਗਾਂਧੀ (Indira Gandhi) ਇੱਕ ਸੀ। 1966 ਤੋਂ ਲੈ ਕੇ 1977 ਤੱਕ ਲਗਾਤਾਰ ਉਹ ਤਿੰਨ ਵਾਰ ਭਾਰਤ ਦੀ ਪ੍ਰਧਾਨ ਮੰਤਰੀ ਰਹੀ ਅਤੇ ਚੌਥੀ ਪਾਰੀ ਦੇ ਵਿਚ ਉਹ 1980 ਤੋਂ ਲੈ ਕੇ 1984 ਤੱਕ ਵੀ ਦੇਸ਼ ਦੀ ਕਮਾਨ ਸੰਭਾਲਦੇ ਰਹੇ। ਉਹ ਹੁਣ ਤੱਕ ਭਾਰਤ ਦੀ ਬਣੀ ਪਹਿਲੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਰਹੇ ਹਨ।
ਪੰਜਾਬ ਦੇ ਵਿੱਚ ਮਹਿਲਾ ਸਿਆਸਤਦਾਨ
ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਲਾ ਆਗੂਆਂ ਦੀ ਕੋਈ ਵੱਡੀ ਸੂਚੀ ਨਹੀਂ ਹੈ। ਰਾਜਿੰਦਰ ਕੌਰ ਭੱਠਲ ਪੰਜਾਬ ਕਾਂਗਰਸ ਵੱਲੋਂ ਇੱਕ ਵਾਰ ਸਿਰਫ਼ ਇੱਕ ਸਾਲ ਲਈ ਪੰਜਾਬ ਦੀ ਮੁੱਖ ਮੰਤਰੀ ਰਹੇ ਹਨ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ, ਚਰਨਜੀਤ ਕੌਰ ਬਾਜਵਾ, ਸੁਰਜੀਤ ਕੌਰ ਬਰਨਾਲਾ, ਸੁਖਬੰਸ ਕੌਰ ਬਿੰਦਰ, ਰਾਜਿੰਦਰ ਕੌਰ ਬੁਲਾਰਾ, ਅਰੁਣਾ ਚੌਧਰੀ, ਲਕਸ਼ਮੀਕਾਂਤਾ ਚਾਵਲਾ, ਸੰਤੋਸ਼ ਚੌਧਰੀ, ਵਿਮਲਾ ਡਾਂਗ, ਸੁਨਾਓ ਦੇਵੀ, ਪਰਮਜੀਤ ਕੌਰ ਗੁਲਸ਼ਨ, ਪਰਨੀਤ ਕੌਰ, ਜਗੀਰ ਕੌਰ, ਰਾਜਿੰਦਰ ਕੌਰ, ਉਪਿੰਦਰਜੀਤ ਕੌਰ, ਬਿਮਲ ਕੌਰ ਖਾਲਸਾ, ਵਨਿੰਦਰ ਕੌਰ ਲੂੰਬਾ, ਸਰਵਜੀਤ ਕੌਰ ਮਾਣੂੰਕੇ ਅਤੇ ਨਵਜੋਤ ਸਿੱਧੂ ਤੋਂ ਇਲਾਵਾ ਕੁਝ ਮਹਿਲਾਵਾਂ ਹਨ ਜੋ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹਨ।
ਦਲਿਤ ਮਹਿਲਾ ਆਗੂ
ਪੰਜਾਬ ਭਰ ਵਿੱਚ ਲਗਪਗ 3 ਕਰੋੜ ਤੋਂ ਵੱਧ ਦਲਿਤ ਵੋਟਰ ਹੈ। ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੀ ਲਗਪਗ 32 ਫ਼ੀਸਦੀ ਹਿੱਸਾ ਦਲਿਤ ਵੋਟਰ ਹਨ। ਸਿਆਸੀ ਪਾਰਟੀਆਂ ਦਲਿਤ ਵੋਟਰਾਂ ਨੂੰ ਲੁਭਾਉਣ ਲਈ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਤੱਕ ਦਾ ਉਹਦਾ ਨਿਵਾਜਣ ਦੀ ਗੱਲ ਕਰਦੀਆਂ ਰਹੀਆਂ। ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ 15 ਮੁੱਖ ਮੰਤਰੀਆਂ ਨੇ ਕਮਾਨ ਸੰਭਾਲੀ ਹੈ ਉਨ੍ਹਾਂ ਵਿੱਚ ਕੋਈ ਦਲਿਤ ਨਹੀਂ ਰਿਹਾ। ਪੰਜਾਬ ਦੇ ਵਿੱਚ ਤਿੰਨ ਹਿੰਦੂ ਚਿਹਰੇ ਵੀ ਮੁੱਖ ਮੰਤਰੀ ਰਹੇ ਹਨ ਹਾਲਾਂਕਿ ਪੰਜਾਬ ਭਰ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚੋਂ 34 ਫ਼ੀਸਦ ਨੂੰ ਰਾਖਵਾਂ ਰੱਖਿਆ ਗਿਆ ਹੈ ਪਰ ਮਹਿਲਾ ਦਲਿਤ ਆਗੂਆਂ ਦੀ ਗਿਣਤੀ ਕਾਫੀ ਘੱਟ ਹੈ।
ਪੰਜਾਬ ਦੀਆਂ ਮੌਜੂਦਾ ਮਹਿਲਾ ਵਿਧਾਇਕਾਵਾਂ
ਪੰਜਾਬ ਦੇ ਵਿਚ ਜੇਕਰ ਮੌਜੂਦਾ ਮਹਿਲਾ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਦੀਨਾਨਗਰ ਤੋਂ ਅਰੁਣਾ ਚੌਧਰੀ ਜੋ ਕਿ ਪੰਜਾਬ ਦੀ ਕੈਬਨਿਟ ‘ਚ ਵੀ ਸ਼ੁਮਾਰ ਹਨ। ਮਲੇਰਕੋਟਲਾ ਤੋਂ ਕਾਂਗਰਸ ਦੀ ਰਜ਼ੀਆ ਸੁਲਤਾਨਾ, ਫ਼ਿਰੋਜ਼ਪੁਰ ਰੂਰਲ ਤੋ ਕਾਂਗਰਸ ਵੱਲੋਂ ਸਤਿਕਾਰ ਕੌਰ ਜਗਰਾਉਂ ਤੋਂ ਆਮ ਆਦਮੀ ਪਾਰਟੀ ਵੱਲੋਂ ਸਰਬਜੀਤ ਕੌਰ ਮਾਣੂਕੇ ਜੋ ਵਿਰੋਧੀ ਧਿਰ ਦੀ ਵਿਧਾਨ ਸਭਾ ‘ਚ ਡਿਪਟੀ ਲੀਡਰ ਵੀ ਹਨ। ਇਸ ਤੋਂ ਇਲਾਵਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਰੂਬੀ, ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਪ੍ਰੋਫੈਸਰ ਬਲਜਿੰਦਰ ਕੌਰ ਪੰਜਾਬ ਦੀਆਂ ਮੌਜੂਦਾ ਮਹਿਲਾ ਵਿਧਾਇਕਾਂ ਹਨ।
ਪੰਜਾਬ ‘ਚ ਚੋਣਾਂ ਨੂੰ ਲੈਕੇ ਮਹਿਲਾਵਾਂ ਦੀ ਮੰਗ
ਵਿਧਾਨ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਮਹਿਲਾਵਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਉਨ੍ਹਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਸਿਆਸਤ ਦੇ ਵਿੱਚ ਆਉਣ ਦੀ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਸਿਆਸਤ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਉਹ ਨਵੇਂ ਆਪਣੇ ਕੰਮ ਤੇ ਜ਼ੋਰ ਉੱਪਰ ਨਵੇਂ ਕੀਰਤਮਾਨ ਸਥਾਪਿਤ ਕਰਨਗੀਆਂ।
ਆਪ ਚੰਗੀਆਂ ਮਹਿਲਾਂ ਨੂੰ ਦੇਵੇਗੀ ਟਿਕਟ- ਆਪ ਆਗੂ
ਓਧਰ ਮਹਿਲਾਵਾਂ ਦੇ ਸਿਆਸਤ ਵਿੱਚ ਆਉਣ ਨੂੰ ਲੈਕੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਮ ਨੇ ਕਿਹਾ 2022 ਦੀਆਂ ਚੋਣਾਂ ਦੇ ਵਿੱਚ ਮਹਿਲਾਵਾਂ ਚੰਗਾ ਰੋਲ ਨਿਭਾਅ ਸਕਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੰਗੀਆਂ ਮਹਿਲਾ ਆਗੂਆਂ ਨੂੰ ਪਾਰਟੀ ਦੇ ਵਿੱਚ ਜ਼ਰੂਰ ਟਿਕਟ ਦੇਵੇਗੀ।
ਅਕਾਲੀ ਦਲ ਦੀ ਸਿਆਸੀ ਪਾਰਟੀਆਂ ਨੂੰ ਅਪੀਲ
ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦੇ ਆਗੂ ਕਮਰਵੀਰ ਗੋਰਾਇਆ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਚੰਗੀਆਂ ਮਹਿਲਾ ਆਗੂਆਂ ਨੂੰ ਜ਼ਰੂਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਚੰਗੀਆਂ ਮਹਿਲਾਵਾਂ ਆਗੂਆਂ ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ‘ਚ ਬਗ਼ਾਵਤੀ ਸੁਰ, ਵਿਧਾਇਕਾਂ ਨੇ ਲਿਖੀ ਚਿੱਠੀ