ਲੁਧਿਆਣਾ: ਖੰਨਾ ਅਤੇ ਆਲੇ ਦੁਆਲੇ ਦੇ ਪਿੰਡ ਹਾਲੇ ਵੀ ਪਾਣੀ ਦੀ ਮਾਰ ਹੇਠ ਹਨ। ਹੁਣ ਖੰਨਾ ਦੇ ਇੰਡਸਟਰੀ ਏਰੀਆ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਇੰਡਸਟਰੀ ਬੰਦ ਕਰਨੀ ਪਈ। ਸਾਰਾ ਫੋਕਲ ਪੁਆਇੰਟ ਪਾਣੀ-ਪਾਣੀ ਹੋ ਗਿਆ ਹੈ। ਉੱਥੇ ਹੀ ਪਾਣੀ ਦੀ ਨਿਕਾਸੀ ਲਈ ਨੈਸ਼ਨਲ ਹਾਈਵੇ ਉੱਪਰ ਗੈਬ ਦੀ ਦੂਜੀ ਪੁਲੀ ਖੋਲ੍ਹਣ ਦੀ ਮੰਗ ਉੱਠੀ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇੰਨਾ ਨੁਕਸਾਨ ਹੋ ਰਿਹਾ ਹੈ।
ਪ੍ਰਸ਼ਾਸਨ ਨੂੰ ਦੂਜੀ ਪੁਲੀ ਖੋਲ੍ਹ ਦੇਣੀ ਚਾਹੀਦੀ ਹੈ: ਪੰਡਿਤ ਰਿਸ਼ੀ ਦੇਵ ਸ਼ਾਸਤਰੀ ਨੇ ਕਿਹਾ ਕਿ ਸੰਨ 1993 ਵਿੱਚ ਜਦੋਂ ਹੜ੍ਹ ਆਇਆ ਸੀ ਤਾਂ ਗ਼ੈਬ ਦੀ ਪੁਲੀ ਰਾਹੀਂ ਪਾਣੀ ਦੀ ਨਿਕਾਸੀ ਹੋਈ ਸੀ ਪਰ ਹੁਣ ਇਹ ਬੰਦ ਹੋਣ ਕਰਕੇ ਸਾਰਾ ਨੁਕਸਾਨ ਹੋਇਆ। ਇੰਨੀ ਮਾਰ ਮਗਰੋਂ ਵੀ ਪੁਲੀ ਦਾ ਇੱਕ ਪਾਸਾ ਖੋਲ੍ਹਿਆ ਗਿਆ ਜਿਸ ਨਾਲ ਪਾਣੀ ਦੀ ਦਿਸ਼ਾ ਬਦਲ ਗਈ ਹੈ। ਪ੍ਰਸ਼ਾਸਨ ਨੂੰ ਦੂਜੀ ਪੁਲੀ ਵੀ ਖੋਲ੍ਹ ਦੇਣੀ ਚਾਹੀਦੀ ਹੈ ਜਿਸ ਨਾਲ ਸਾਰਾ ਪਾਣੀ ਨਿਕਲ ਜਾਵੇਗਾ। ਉਹਨਾਂ ਕਿਹਾ ਕਿ ਇਹ ਪੁਲੀ ਜੀਵਨ ਰੱਖਿਅਕ ਹੈ। ਇਸ ਨੂੰ ਬੰਦ ਕਰਨ ਨਾਲ ਪਾਣੀ ਦਾ ਕੁਦਰਤੀ ਵਹਾਅ ਰੋਕਿਆ ਗਿਆ। ਜਦੋਂ ਇਸ ਦਾ ਇੱਕ ਪਾਸਾ ਖੋਲ੍ਹਿਆ ਗਿਆ ਤਾਂ ਪਾਣੀ ਅੱਗੇ ਜਾਣ ਦੀ ਥਾਂ ਫੋਕਲ ਪੁਆਇੰਟ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਵਿੱਚ ਆ ਗਿਆ। ਪਹਿਲਾਂ ਦੀ ਤਰ੍ਹਾਂ ਕੁਦਰਤੀ ਵਹਾਅ ਰਾਹੀਂ ਹੀ ਪਾਣੀ ਛੱਡਿਆ ਜਾਵੇ ਤਾਂ ਬਚਾਅ ਰਹੇਗਾ। ਉਹਨਾਂ ਕਿਹਾ ਕਿ ਇੰਡਸਟਰੀ ਬੰਦ ਹੋਣ ਨਾਲ ਮਜ਼ਦੂਰਾਂ ਨੂੰ ਜਿਆਦਾ ਨੁਕਸਾਨ ਹੋਵੇਗਾ।
- Punjab Flood News: ਧੁੱਸੀ ਬੰਨ੍ਹ ਟੁੱਟਣ ਕਾਰਨ ਸ਼ਾਹਕੋਟ ਦੇ ਇਲਾਕਿਆਂ 'ਚ ਦਾਖਲ ਹੋਇਆ ਪਾਣੀ, 50 ਪਿੰਡਾਂ ਨੂੰ ਖ਼ਾਲੀ ਕਰਾਉਣ ਦੇ ਨਿਰਦੇਸ਼
- ਉੱਤਰਕਾਸ਼ੀ 'ਚ ਮਲਬੇ ਹੇਠ ਦੱਬੇ ਤਿੰਨ ਵਾਹਨ, ਔਰਤ ਸਮੇਤ ਚਾਰ ਦੀ ਮੌਤ, ਛੇ ਜ਼ਖ਼ਮੀ
- ਉੱਤਰੀ ਭਾਰਤ 'ਚ ਭਾਰੀ ਮੀਂਹ ਕਾਰਨ 37 ਲੋਕਾਂ ਦੀ ਮੌਤ, ਬਚਾਅ ਕਾਰਜ 'ਚ ਲੱਗੀਆਂ ਫੌਜ ਅਤੇ NDRF ਦੀਆਂ ਟੀਮਾਂ
ਪਿੰਡਾਂ ਅੰਦਰ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ: ਪਿੰਡ ਅਜਨੇਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਕਿਹਾ ਕਿ ਪਿੰਡਾਂ ਅੰਦਰ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਹੈ। ਪਿੰਡਾਂ ਦੇ ਪਿੰਡ ਡੁੱਬ ਗਏ ਹਨ। ਖੰਨਾ ਗ਼ੈਬ ਦੀ ਪੁਲੀ ਬੰਦ ਹੋਣ ਕਰਕੇ 20 ਤੋਂ 25 ਪਿੰਡਾਂ ਅੰਦਰ ਪਾਣੀ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਹ ਪੁਲੀ ਪੂਰੀ ਤਰ੍ਹਾਂ ਖੋਲ੍ਹਣੀ ਚਾਹੀਦੀ ਹੈ। ਉੱਥੇ ਹੀ ਮੌਕੇ ਉੱਤੇ ਪੁੱਜੇ ਖੰਨਾ ਦੇ ਡੀਐੱਸਪੀ ਕਰਨੈਲ ਸਿੰਘ ਨੇ ਕਿਹਾ ਕਿ ਰਾਤ ਸਮੇਂ ਪੁਲੀ ਖੋਲ੍ਹ ਦਿੱਤੀ ਗਈ ਸੀ ਅਤੇ ਇਸ ਦਾ ਦੂਜਾ ਹਿੱਸਾ ਵੀ ਖੋਲ੍ਹਿਆ ਜਾ ਰਿਹਾ ਹੈ। ਸ਼ਾਮ ਤੱਕ ਪਾਣੀ ਪੂਰੀ ਤਰ੍ਹਾਂ ਨਿਕਲਣ ਦੀ ਸੰਭਾਵਨਾ ਹੈ। ਲੋਕਾਂ ਨੂੰ ਅਫਵਾਹਾਂ ਉਪਰ ਧਿਆਨ ਦੇਣ ਦੀ ਲੋੜ ਨਹੀਂ ਹੈ ਸਗੋਂ ਸੁਚੇਤ ਰਹਿਣ ਦੀ ਲੋੜ ਹੈ।