ਲੁਧਿਆਣਾ: ਲੋਕ ਇਨਸਾਫ਼ ਪਾਰਟੀ ਵੱਲੋਂ ਖੇਤੀ ਆਰਡੀਨੈਂਸ ਬਿੱਲ ਦੇ ਖਿਲਾਫ਼ ਬੀਤੇ ਦਿਨੀਂ ਸਾਈਕਲ ਯਾਤਰਾ ਕੱਢੀ ਗਈ ਸੀ ਅਤੇ ਹੁਣ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਇਕਜੁੱਟ ਹੋ ਕੇ ਬਿੱਲ ਦੇ ਵਿਰੁੱਧ ਮਤੇ ਪਾਸ ਕਰਵਾਏ ਜਾ ਰਹੇ ਹਨ।
ਉੱਥੇ ਹੀ ਅੱਜ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਘਵੱਦੀ ਦੇ ਵਿੱਚ ਹਲਕਾ ਇੰਚਾਰਜ ਜਗਦੀਪ ਸਿੰਘ ਗਿੱਲ ਵੱਲੋਂ ਪਿੰਡ ਦੀ ਪੰਚਾਇਤ ਨਾਲ ਖੇਤੀ ਆਰਡੀਨੈਂਸ ਬਿੱਲ ਦਾ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਮਾਰੂ ਬਿੱਲ ਦਾ ਪੁਰਜ਼ੋਰ ਵਿਰੋਧ ਕਰਨ।
ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਇਹ ਬਿੱਲ ਲਿਆਂਦਾ ਹੈ ਉਹ ਕਿਸਾਨ ਮਾਰੂ ਹੈ। ਇਸ ਨਾਲ ਮੰਡੀ ਬੋਰਡ ਖ਼ਤਮ ਹੋ ਜਾਵੇਗਾ। ਹਰ ਸਾਲ ਜੋ ਮੰਡੀ ਬੋਰਡ ਨੂੰ 4 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਉਹ ਵੀ ਖ਼ਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਆਮਦਨ ਨਾਲ ਪਿੰਡਾਂ ਦੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ ਹੋਰ ਕੰਮ ਕਰਵਾਏ ਜਾਂਦੇ ਹਨ ਤੇ ਖੇਤੀ ਆਰਡੀਨੈਂਸ ਬਿੱਲ ਆਉਣ ਨਾਲ ਇਹ ਸਭ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਘਵੱਦੀ ਪਿੰਡ ਦੀ ਪੰਚਾਇਤ ਵੱਲੋਂ ਬਿਲ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ ਹੈ। ਉਧਰ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਇਹ ਬਿੱਲ ਖੇਤੀ ਵਿਰੋਧੀ ਹੈ ਅਤੇ ਕਿਸਾਨ ਇਸ ਬਿੱਲ ਦਾ ਵਿਰੋਧ ਕਰਦੇ ਹਨ।