ਲੁਧਿਆਣਾ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਜੀਲੈਂਸ ਦਫ਼ਤਰ ਉੱਤੇ ਆਪ ਦਾ ਝੰਡਾ ਲਗਾਉਣ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕਵਾਂ ਜਵਾਬ ਦਿੱਤਾ ਸੀ ਅਤੇ ਇਸ਼ਾਰਾ ਕਰਕੇ ਕਿਹਾ ਸੀ ਕਿ ਤੁਹਾਡੀ ਪਹਿਲੀ ਲਾਈਨ ਵਾਲੇ ਵੱਡੇ ਆਗੂ ਕਿੱਥੇ ਹਨ। ਇਸ ਤੋਂ ਬਾਅਦ ਵਿਜੀਲੈਂਸ ਵਲੋਂ ਸੂਬੇ ਵਿੱਚ ਆਪਣੀਆਂ ਕਰਵਾਈਆਂ ਨੂੰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਖਾਸ ਕਰਕੇ ਕਾਂਗਰਸ ਦੇ ਸਾਬਕਾ ਐਮਐਲਏ ਅਤੇ ਮੰਤਰੀਆਂ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਉੱਤੇ ਸਵਾਲ ਕੀਤੇ ਚੁੱਕੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ਉੱਤੇ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਤੋਂ ਪੁੱਛਗਿੱਛ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਕਈ ਆਗੂ ਵਿਜੀਲੈਂਸ ਦੇ ਨਿਸ਼ਾਨੇਂ ਉੱਤੇ ਹਨ।
ਵਿਜੀਲੈਂਸ ਵੱਲੋਂ ਤਾਜ਼ਾ ਕਾਰਵਾਈ: ਵਿਜੀਲੈਂਸ ਵਲੋਂ 28 ਫਰਵਰੀ ਨੂੰ ਸਭ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਦੇ ਉਸਾਰੀ ਅਧੀਨ ਫਾਰਮ ਹਾਊਸ ਦੀ ਪਾਈਮਿਸ਼ ਕੀਤੀ ਗਈ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕਿੱਕੀ ਨੂੰ ਤਲਬ ਕੀਤਾ ਗਿਆ, ਜਿਸ ਤੋਂ ਬਾਅਦ ਉਸ ਤੋਂ 1 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ। ਬ੍ਰਹਮ ਮਹਿੰਦਰਾ ਵੱਲੋਂ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਕਾਰਵਾਈ ਚੱਲ ਰਹੀ ਹੈ।
ਆਮਦਨ ਤੋਂ ਵੱਧ ਜਾਇਦਾਦ: ਵਿਜੀਲੈਂਸ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਐਮਐਲਏ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਸਾਬਕਾ ਐਮਐਲਏ ਅਤੇ ਵੇਆਰ ਹਾਊਸ ਦੇ ਚੇਅਰਮੈਨ ਰਹਿ ਚੁੱਕੇ ਕੁਲਦੀਪ ਵੈਦ ਜਿਸਨੂੰ ਚਰਨਜੀਤ ਚੰਨੀ ਦਾ ਬੇਹੱਦ ਕਰੀਬੀ ਕਿਹਾ ਜਾਂਦਾ ਹੈ। ਉਨ੍ਹਾ ਦੀ ਰਿਹਾਇਸ ਅਤੇ ਦਫ਼ਤਰ ਉੱਤੇ ਵੀ ਵਿਜੀਲੈਂਸ ਨੇ ਜਾਂਚ ਕੀਤੀ ਹੈ। ਇਸ ਤੋਂ ਬਾਅਦ ਕੱਲ੍ਹ ਵੈਦ ਨੂੰ ਵਿਜੀਲੈਂਸ ਨੇ 7 ਘੰਟੇ ਪੁੱਛਗਿੱਛ ਕੀਤੀ। ਉਧਰ ਕਾਂਗਰਸ ਦੇ ਸਾਬਕਾ ਐਮ ਐਲ ਏ ਕਾਂਗੜ, ਦਲਵੀਰ ਗੋਲਡੀ ਨੂੰ ਵੀ ਵਿਜੀਲੈਂਸ ਨੇ ਤਲਬ ਕੀਤਾ। ਕਾਂਗੜ ਭਾਜਪਾ ਚ ਸ਼ਾਮਿਲ ਹੋ ਚੁੱਕੇ ਹਨ। ਵਿਜੀਲੈਂਸ ਵਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਕਾਂਗੜ ਨੇ ਇਲਜ਼ਾਮ ਲਗਾਏ ਕੇ ਉਨ੍ਹਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਫ਼ਸਰਾਂ ਵਲੋਂ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ।
ਕੌਣ ਕੌਣ ਨੇ ਵਿਜੀਲੈਂਸ ਦੀ ਰਡਾਰ ਤੇ : ਵਿਜੀਲੈਂਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਲਿਸਟ ਚ ਸਭ ਤੋਂ ਉੱਪਰ ਹੈ। ਵਿਜੀਲੈਂਸ ਵਲੋਂ ਬੀਤੇ ਦਿਨੀਂ ਚੰਨੀ ਦੇ ਖਿਲਾਫ ਲੁਕਅਉਟ ਨੋਟਿਸ ਜਾਰੀ ਕੀਤਾ ਗਿਆ ਸੀ। ਚੰਨੀ ਦਾ ਨਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਵਿੱਚ ਲੈ ਚੁੱਕੇ ਹਨ ਇਸ ਤੋਂ ਇਲਾਵਾ ਦਲਬੀਰ ਗੋਲਡੀ, ਵਿਧਾਨ ਸਭਾ ਹਲਕਾ ਘਨੌਰ ਤੋਂ ਸਾਬਕਾ ਐਮਐਲਏ ਕਾਂਗਰਸ ਰਹਿ ਚੁੱਕੇ ਮਦਨ ਲਾਲ ਜਲਾਲਪੁਰ ਵੀ ਵਿਜੀਲੈਂਸ ਦੀ ਰਡਾਰ ਤੇ ਹੈ। ਜਲਾਲਪੁਰ ਉੱਤੇ 5 ਪਿੰਡਾਂ ਦੀ ਜ਼ਮੀਨ ਵਿੱਚ ਘੁਟਾਲੇ ਦੇ ਮਾਮਲੇ ਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਜ਼ਿਲ੍ਹੇ ਪ੍ਰਧਾਨ ਸੰਜੇ ਤਲਵਾਰ ਵੀ ਵਿਜੀਲੈਂਸ ਦੇ ਨਿਸ਼ਾਨੇ ਤੇ ਨੇ। ਇਸ ਤੋਂ ਇਲਾਵਾ ਮੁਲਾਂਪੁਰ ਹਲਕੇ ਤੋਂ ਚੋਣ ਲੜ ਚੁੱਕੇ ਕੈਪਟਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਉਨ੍ਹਾ ਦੇ ਓ ਐਸ ਡੀ ਰਹਿ ਚੁੱਕੇ ਕੈਪਟਨ ਸੰਦੀਪ ਸੰਧੂ ਸੋਲਰ ਲਾਈਟਾਂ, ਸਪੋਰਟਸ ਕਿਟਸ ਮਾਮਲੇ ਚ ਵਿਜੀਲੈਂਸ ਦੀ ਰਡਾਰ ਤੇ ਹੈ। ਕੈਪਟਨ ਅਮਰਿੰਦਰ ਦੇ ਸਾਬਕਾ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤ ਇੰਦਰ ਚਿਹਲ ਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਚਿਹਲ ਨੂੰ 10 ਮਾਰਚ ਨੂੰ ਵਿਜੀਲੈਂਸ ਨੇ ਤਲਬ ਕੀਤਾ ਸੀ। ਓਥੇ ਹੀ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਤੇ ਵੀ ਵਿਜੀਲੈਂਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੀ ਕਿਹਾ ਆਗੂਆਂ ਨੇ: ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਜਿੱਥੇ ਸਾਬਕਾ ਮੰਤਰੀ ਕਾਂਗੜ ਨੇ ਕਿਹਾ ਹੈ ਕਿ ਵਿਜੀਲੈਂਸ ਦੇ ਅਫ਼ਸਰਾਂ ਵੱਲੋਂ ਜੋ ਭਾਸ਼ਾ ਵਰਤੀ ਗਈ ਹੈ ਅਤੇ ਜੋ ਸਲੂਕ ਕੀਤਾ ਗਿਆ ਉਹ ਸਹੀ ਨਹੀਂ ਸੀ ਉੱਥੇ ਹੀ ਦੂਜੇ ਪਾਸੇ ਕੁਲਦੀਪ ਵੈਦ ਨੇ ਇਸ ਮਾਮਲੇ ਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕੀਤਾ ਹੈ। ਕੁਲਦੀਪ ਵੈਦ ਨੇ ਕਿਹਾ ਕਿ ਸਾਨੂੰ ਜੋ ਦਸਤਾਵੇਜ਼ ਮੰਗੇ ਗਏ, ਅਸੀਂ ਉਹ ਵਿਜੀਲੈਂਸ ਅੱਗੇ ਪੇਸ਼ ਕਰ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜਾਂਚ ਵਿੱਚ ਸਹਿਯੋਗ ਦੇ ਰਹੇ ਹਨ। ਕਾਂਗਰਸੀ ਆਗੂ ਹਾਲਾਂਕਿ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਤੀਜਾ ਵੀ ਦੱਸ ਰਹੇ ਹਨ। ਇਸ ਸਬੰਧੀ ਅੱਜ ਵੀ ਜਦੋਂ ਕੁਲਦੀਪ ਵੈਦ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੁਝ ਦਿਨਾਂ ਬਾਅਦ ਮੀਡੀਆ ਅੱਗੇ ਬਿਆਨ ਜਾਰੀ ਕਰਨਗੇ। ਕੁਲਦੀਪ ਵੈਦ ਨੇ ਇੰਨੀ ਗੱਲ ਜ਼ਰੂਰ ਕਹੀ ਕਿ ਇਸ ਨਾਲ ਇਨਸਾਨ ਦੀ ਸਮਾਜਿਕ ਜਿੰਦਗੀ ਉੱਤੇ ਕਾਫੀ ਅਸਰ ਪਿਆ ਹੈ। ਹੋ ਸਕਦਾ ਹੈ ਆਉਂਦੇ ਸਮੇਂ ਵਿਚ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।
ਆਪ ਦਾ ਜਵਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਇਹ ਸਾਫ ਕਰ ਚੁੱਕੇ ਹਨ ਕਿ ਜਿਨ੍ਹਾਂ ਨੇ ਵੀ ਭ੍ਰਿਸ਼ਟਾਚਾਰ ਵਿੱਚ ਯੋਗਦਾਨ ਪਾਇਆ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਕੁਲਦੀਪ ਵੈਦ ਉੱਤੇ ਹੋਈ ਕਾਰਵਾਈ ਸਬੰਧੀ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਸਗੋਂ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਤਾਂ ਹੀ ਇਹ ਕਾਰਵਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਧੂੰਆਂ ਉੱਠਿਆ ਹੈ ਤਾਂ ਕਿਤੇ ਨਾ ਕਿਤੇ ਅੱਗ ਤਾਂ ਜਰੂਰ ਹੀ ਲੱਗੀ ਹੋਵੇਗੀ।