ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਲੂ ਦੇ ਵਸਨੀਕ ਤੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਬਣ ਕੇ 25 ਲੱਖ ਰੁਪਏ ਦੇ ਚੈੱਕ ਲੈਣ ਵਾਲੇ ਦੋ ਸਾਬਕਾ ਫੌਜੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਪਿੰਡ ਭੈਣੀ ਸਾਲੂ, ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ (ਲੁਧਿਆਣਾ) ਅਤੇ ਪਰਮਿੰਦਰ ਸਿੰਘ ਵਾਸੀ ਅਕਾਸ਼ ਕਾਲੋਨੀ ਹੁਸ਼ਿਆਰਪੁਰ ਵਜੋਂ ਹੋਈ ਹੈ। ਮਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਸਾਬਕਾ ਫੌਜੀ ਹਨ। ਜਦਕਿ ਪਰਮਿੰਦਰ ਸਿੰਘ ਵਿਸ਼ਵ ਮਨੁੱਖੀ ਅਧਿਕਾਰ ਕਾਰਪੋਰੇਸ਼ਨ ਪੰਜਾਬ ਦਾ ਇੰਚਾਰਜ ਵੀ ਹੈ।
ਜੱਦੀ ਜ਼ਮੀਨ ਵੇਚਣ 'ਤੇ ਸਰਕਾਰੀ ਨੋਟਿਸ: ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ 18 ਏਕੜ ਜੱਦੀ ਜ਼ਮੀਨ ਵੇਚੀ ਸੀ। ਇਸ ਉਪਰੰਤ ਉਸ ਨੂੰ ਪੰਚਾਇਤੀ ਜ਼ਮੀਨ ਵੇਚਣ ਸਬੰਧੀ ਸਰਕਾਰੀ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਇਨ੍ਹਾਂ ਨੇ ਖੁਦ ਨੂੰ ਸੈਕਟਰ-17 ਚੰਡੀਗੜ੍ਹ ਵਿਖੇ ਸਥਿਤ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸਿਆ।
ਮੁਲਜ਼ਮਾਂ ਨੇ 50 ਲੱਖ ਦੀ ਕੀਤੀ ਸੀ ਮੰਗ: ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਉਕਤ ਵਿਅਕਤੀਆਂ ਨੇ ਉਸ ਤੋਂ 50 ਲੱਖ ਰੁਪਏ ਮੰਗੇ ਕਿਉਂਕਿ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਜਿਸ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਡਰ ਦੇ ਕਾਰਨ ਉਹ 25 ਲੱਖ ਰੁਪਏ ਦੇਣ ਲਈ ਮੰਨ ਗਿਆ। ਮੁਲਜ਼ਮਾਂ ਨੇ ਉਸ ਨੂੰ 15 ਲੱਖ ਅਤੇ 10 ਲੱਖ ਰੁਪਏ ਦੇ ਦੋ ਚੈੱਕ ਦਸਤਖ਼ਤ ਕਰਨ ਲਈ ਰਾਜ਼ੀ ਕਰ ਲਿਆ ਅਤੇ 25 ਲੱਖ ਰੁਪਏ ਨਕਦ ਪ੍ਰਾਪਤ ਹੋਣ 'ਤੇ ਇਹ ਚੈੱਕ ਵਾਪਸ ਕਰਨ ਦੀ ਗਾਰੰਟੀ ਦਿੱਤੀ।
ਵਟਸਐਪ 'ਤੇ ਧਮਕੀ ਭਰੀਆਂ ਫੋਨ ਕਾਲਾਂ: ਉਕਤ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਨੇ ਸ਼ਿਕਾਇਤਕਰਤਾ ਦੀ ਜੇਬ ਵਿੱਚੋਂ 27 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਫ਼ੋਨ ਨੰਬਰ ਲੈ ਕੇ ਚਲੇ ਗਏ। ਇਸ ਉਪਰੰਤ ਸ਼ਿਕਾਇਤਕਰਤਾ ਨੂੰ ਵਟਸਐਪ 'ਤੇ ਧਮਕੀ ਭਰੀਆਂ ਫੋਨ ਕਾਲਾਂ ਆਉਣ ਲੱਗੀਆਂ ਕਿ ਜੇਕਰ ਉਹ 25 ਲੱਖ ਰੁਪਏ ਨਕਦ ਦੇਣ ਵਿੱਚ ਅਸਫ਼ਲ ਰਿਹਾ ਤਾਂ ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।
- ਅੰਮ੍ਰਿਤਸਰ 'ਚ ਲੜਕੀ ਤੇ ਉਸਦੇ ਦਾਦੇ ਨੂੰ ਦਾਤਰ ਨਾਲ ਜ਼ਖਮੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
- Amritsar Chief Minister Bhagwant maan: ਮੁੱਖ ਮੰਤਰੀ ਦਾ ਹਾਸਾ ਠੱਠਾ, ਆਂਗਨਵਾੜੀ ਵਰਕਰ ਨੇ ਬੰਨ੍ਹੀ ਰੱਖੜੀ ਤਾਂ ਮਾਨ ਬੋਲੇ-ਪੈਸੇ ਤਾਂ ਮੇਰੇ ਕੋਲ ਹੈ ਨੀ, ਪੜ੍ਹੋ ਕਿਵੇਂ ਖਿੜ ਗਏ ਲੋਕ...
- Rakhdi Tied To Sidhu Moosewala: ਮਾਨਸਾ 'ਚ ਲੜਕੀਆਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ਨੂੰ ਬੰਨ੍ਹੀਆਂ ਰੱਖੜੀਆਂ
ਵਿਜੀਲੈਂਸ ਵਲੋਂ ਸ਼ਿਕਾਇਤ 'ਤੇ ਐਕਸ਼ਨ: ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਮਨਜੀਤ ਸਿੰਘ ਵਾਸੀ ਪਿੰਡ ਭੈਣੀ ਸਾਲੂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 384, 120-ਬੀ ਤਹਿਤ ਮਿਤੀ 28.8.2023 ਨੂੰ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਐਫ.ਆਈ.ਆਰ. ਨੰ. 20 ਦਰਜ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੇ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਦੋਵੇਂ 31 ਅਗਸਤ ਤੱਕ ਪੁਲਿਸ ਰਿਮਾਂਡ ’ਤੇ ਹਨ।
ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਕੀਤੀ ਸੀ ਰੇਕੀ: ਅਧਿਕਾਰੀ ਨੇ ਦੱਸਿਆ ਕਿ ਪਰਮਿੰਦਰ ਸਿੰਘ ਵਾਸੀ ਅਕਾਸ਼ ਕਲੋਨੀ ਹੁਸ਼ਿਆਰਪੁਰ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਚਾਰ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਪਰਮਿੰਦਰ ਸਿੰਘ ਉਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਹੈ ਜੋ 12 ਅਗਸਤ ਨੂੰ ਸ਼ਿਕਾਇਤਕਰਤਾ ਦੇ ਘਰ ਗਏ ਸਨ। (ਪ੍ਰੈਸ ਨੋਟ)