ਲੁਧਿਆਣਾ: ਜ਼ਿਲ੍ਹੇ ਵਿੱਚ ਪਸ਼ੂ ਯੂਨੀਵਰਸਿਟੀ ਦੇ ਡਾਕਟਰਾਂ ਦੀ ਹੜਤਾਲ ਕਾਰਣ ਜੀਐਨਈ ਕਾਲਜ ਤੋਂ ਕੁੱਤੇ ਦਾ ਇਲਾਜ ਕਰਵਾਉਣ ਆਏ ਦੋ ਨੌਜਵਾਨਾਂ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਰਕੇ ਸਾਰੀਆਂ ਸੇਵਾਵਾਂ ਬੰਦ ਹਨ ਅਤੇ ਉਨ੍ਹਾਂ ਨੂੰ ਹੁਣ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਬੇਜੁਬਾਨਾਂ ਦੇ ਲਈ ਜ਼ਿਆਦਾ ਹਸਪਤਾਲ ਨਹੀਂ ਹਨ ਅਤੇ ਸਰਕਾਰੀ ਹਸਪਤਾਲ ਇੱਕੋ ਹੀ ਹੈ ਜੇਕਰ ਉਨ੍ਹਾਂ ਨੂੰ ਇੱਥੇ ਇਲਾਜ਼ ਨਹੀਂ ਮਿਲੇਗਾ ਤਾਂ ਉਹ ਕਿੱਥੇ ਜਾਣਗੇ।
ਮਜਬੂਰੀ ਵਿੱਚ ਪ੍ਰਦਰਸ਼ਨ: ਉੱਥੇ ਦੂਜੇ ਪਾਸੇ ਗੁਰੂ ਅੰਗਦ ਦੇਵ ਵੈਟਨਰੀ ਐਨਿਮਲ ਐਂਡ ਸਾਇੰਸ ਯੂਨੀਵਰਸਿਟੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪੀਏਯੂ ਦੇ ਵਿਚ ਪੇ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਹੈ ਜਦੋਂ ਕਿ ਸਾਨੂੰ ਇਸ ਦੇ ਫਾਇਦੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਇਸ ਲਈ ਸੰਘਰਸ਼ ਕਰ ਰਹੇ ਹਾਂ ਇਸ ਕਰਕੇ ਹੀ ਸਾਡੇ ਵੱਲੋਂ ਮਜਬੂਰੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।
ਐਮਰਜੈਂਸੀ ਸੇਵਾਵਾਂ ਬੰਦ: ਡਾਕਟਰ ਕਮਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰ ਸਾਡੀਆ ਗੱਲਾਂ ਉਹਨਾਂ ਨੇ ਨਹੀਂ ਮੰਨਿਆ ਜਿਸ ਕਰਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਹਾਲਾਂਕਿ ਐਮਰਜੈਂਸੀ ਸੇਵਾਵਾਂ ਬੰਦ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਖੁਦ ਬਹੁਤ ਮਜਬੂਰ ਹਾਂ ਪਰ ਫਿਰ ਵੀ ਅਸੀਂ ਕੁਝ ਵਿਦਿਆਰਥੀਆਂ ਦੀਆਂ ਡਿਊਟੀਆਂ ਲਗਾਈਆਂ ਹਨ।
ਜਦੋਂ ਹਸਪਤਾਲ ਦੇ ਵਿੱਚ ਇਲਾਜ ਨਹੀਂ ਮਿਲਿਆ ਤਾਂ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸਟੂਡੈਂਟ ਵੱਲੋਂ ਲਿਆਂਦੇ ਗਏ ਅਵਾਰਾ ਕੁੱਤੇ ਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ ਗਈ ਅਤੇ ਉਸ ਨੂੰ ਦਵਾਈ ਲਗਾਈ ਗਈ ਅਤੇ ਉਸ ਦਾ ਖੂਨ ਰੋਕਿਆ ਗਿਆ। ਉੱਥੇ ਹੀ ਹਸਪਤਾਲ ਦੇ ਗੇਟ ਉੱਤੇ ਮੌਜੂਦ ਸੁਰੱਖਿਆ ਮੁਲਾਜ਼ਮ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਸ ਸਬੰਧੀ ਡਾਕਟਰਾਂ ਨਾਲ ਗੱਲ ਕਰੋ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਡਾਕਟਰ ਕਿਉਂ ਨਹੀਂ ਹਨ ਅਤੇ ਉਹ ਕੀ ਕਰ ਰਹੇ ਹਨ ।