ਲੁਧਿਆਣਾ : ਲੁਧਿਆਣਾ ਦੇ 32 ਸੈਕਟਰ ਇਲਾਕੇ ਵਿੱਚ ਤਹਿਬਾਜਾਰੀ ਦੀ ਟੀਮ ਵੱਲੋਂ ਨਾਜਾਇਜ਼ ਰੇਹੜੀ ਫੜੀ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ। ਦੋ ਦੁਕਾਨਦਾਰਾਂ ਨੇ ਇਸਦਾ ਵਿਰੋਧ ਕੀਤਾ ਪਰ ਟੀਮ ਨੇ ਜਦੋਂ ਕਾਰਵਾਈ ਜਾਰੀ ਰੱਖੀ ਤਾਂ ਦੋਵਾਂ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਇੱਥੇ ਇਹ ਵੀ ਦੱਸ ਦਈਏ ਕਿ ਮੌਕੇ ਉੱਤੇ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ। ਜਿਨ੍ਹਾਂ ਦੇ ਸਾਹਮਣੇ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਦੋਵੇਂ ਹੀ ਵਿਅਕਤੀ 50 ਫ਼ੀਸਦੀ ਤੋਂ ਵਧੇਰੇ ਝੁਲਸ ਗਏ ਹਨ, ਜਿਨ੍ਹਾ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਗੇਟ ਤੋੜ ਕੇ ਇਨ੍ਹਾਂ ਨੂੰ ਬਾਹਰ ਕੱਢਿਆ। ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਦੁਕਾਨ ਕਰਾਈ ਜਾ ਰਹੀ ਸੀ ਖਾਲੀ : ਜ਼ਖ਼ਮੀ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਖੁਦ ਨੂੰ ਅੱਗ ਲਗਾਉਣ ਵਾਲਿਆਂ ਵਿੱਚ ਇਕ ਦਾ ਨਾਂ ਵੀਰੂ ਸਿੰਘ ਅਤੇ ਦੂਜਾ ਅਨਮੋਲ ਹੈ। ਵੀਰੂ ਸਿੰਘ ਚਾਹ ਦੀ ਦੁਕਾਨ ਚਲਾਉਂਦਾ ਹੈ ਜਦੋਂਕਿ ਅਨਮੋਲ ਦੀ ਕਰਿਆਨੇ ਦੀ ਦੁਕਾਨ ਹੈ। ਉਨ੍ਹਾ ਦੀ ਕਰਿਆਨੇ ਦੀ ਦੁਕਾਨ ਪਿਛਲੇ 30 ਸਾਲਾਂ ਤੋਂ ਚੱਲ ਰਹੀ ਹੈ ਪਰ ਕੁਝ ਸਮੇਂ ਤੋਂ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਦੁਕਾਨ ਖਾਲੀ ਕਰਨ ਲਈ ਕਹਿ ਰਹੇ ਸਨ। ਉਨ੍ਹਾ ਨੇ ਨਗਰ ਨਿਗਮ ਦੀ ਟੀਮ ਤੋਂ ਕੁਝ ਦਿਨ ਦੀ ਮੋਹਲਤ ਮੰਗੀ ਸੀ ਪਰ ਅੱਜ ਅਚਾਨਕ ਨਗਰ ਨਿਗਮ ਦੀ ਟੀਮ ਨੇ ਆ ਕੇ ਦੁਕਾਨ ਤੋੜ੍ਹਨੀ ਸ਼ੁਰੂ ਕਰ ਦਿੱਤੀ, ਜਿਸਦਾ ਦੋਵਾਂ ਨੇ ਵਿਰੋਧ ਕੀਤਾ, ਜਦੋਂ ਟੀਮ ਨਹੀਂ ਰੁਕੀ ਤਾਂ ਘਰ ਵਿੱਚ ਵੜ ਕੇ ਦੋਵਾਂ ਨੇ ਆਪਣੇ ਆਪ ਨੂੰ ਅੱਗ ਲਾ ਲਈ। ਦੋਵੇਂ ਅੱਗ ਲੱਗੀ ਹਾਲਤ ਵਿੱਚ ਘਰੋਂ ਬਾਹਰ ਨਿਕਲੇ। ਹਾਦਸੇ ਦੇ ਦੌਰਾਨ ਉਸਦੀ ਭੈਣ ਨੀਲਮ ਦਾ ਵੀ ਹੱਥ ਸੜ ਗਿਆ ਹੈ।
ਦੋਵਾਂ ਦੁਕਾਨ ਵਾਲਿਆਂ ਨੇ ਅਧਿਕਾਰੀਆਂ ਉੱਤੇ ਧੱਕਾ ਕਰਨ ਦੇ ਇਲਜ਼ਾਮ ਲਗਾਏ ਹਨ। ਸਿਵਲ ਹਸਪਤਾਲ ਵਿੱਚ ਦੋਵਾਂ ਨੂੰ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਲਿਆਂਦਾ ਗਿਆ ਹੈ। ਬਹੁਤ ਮੁਸ਼ਕਲ ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾ ਨੂੰ ਬਚਾਇਆ ਗਿਆ। ਇਸ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਹਾਲਤ ਵੇਖ ਦੋਵਾਂ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੋਵਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਉਨ੍ਹਾ ਨਾਲ ਰੰਜਿਸ਼ ਰਖ਼ਦੇ ਹਨ, ਜਿਸ ਕਰਕੇ ਉਨ੍ਹਾਂ ਉੱਤੇ ਇਹ ਕਾਰਵਾਈ ਕਰਵਾਈ ਗਈ। ਨਗਰ ਨਿਗਮ ਅਤੇ ਪੁਲਿਸ ਇਸ ਮਾਮਲੇ ਉੱਤੇ ਚੁੱਪ ਹੈ। ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਦੋਵਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।