ਮਾਛੀਵਾੜਾ: ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਇਸ ਕਦਰ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ ਕਿ ਨਸ਼ੇ ਦੀ ਪੂਰਤੀ ਲਈ ਚੰਗੇ-ਭਲੇ ਕੰਮ ਕਰਨ ਵਾਲੇ ਵੀ ਗਿਰੋਹ ਬਣਾ ਕੇ ਚੋਰੀਆਂ ਕਰ ਰਹੇ ਹਨ। ਜ਼ਿਲ੍ਹੇ ਅਧੀਨ ਥਾਣਾ ਮਾਛੀਵਾੜਾ ਸਾਹਿਬ ਦੀ ਪੁਲਿਸ ਨੇ ਅਜਿਹੇ ਹੀ ਇੱਕ ਗਿਰੋਹ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਪੇਸ਼ੇ ਤੋਂ ਏ.ਸੀ. ਮਕੈਨਿਕ ਹਨ। ਇਨ੍ਹਾਂ ਕੋਲੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਹੋਏ ਹਨ। ਕਥਿਤ ਦੋਸ਼ੀਆਂ ਦੀ ਪਛਾਣ ਗੁਰਵੀਰ ਸਿੰਘ ਉਰਫ਼ ਅਨੂੰ ਅਤੇ ਜਗਵੀਰ ਸਿੰਘ ਉਰਫ਼ ਸੋਨੂੰ ਵਾਸੀ ਕੋਟਾਲਾ ਬੇਟ ਵੱਜੋਂ ਹੋਈ ਹੈ।
ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਪੁਲਿਸ ਚੌਂਕੀ ਇੰਚਾਰਜ਼ ਗੁਰਜੰਟ ਸਿੰਘ ਨੇ ਛੌੜੀਆਂ ਟੀ-ਪੁਆਇੰਟ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਦੋ ਵੱਖ-ਵੱਖ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਰਹੇ ਗੁਰਵੀਰ ਸਿੰਘ ਤੇ ਜਗਵੀਰ ਸਿੰਘ ਨੂੰ ਜਾਂਚ ਲਈ ਰੋਕਿਆ। ਦੋਹਾਂ 'ਚੋਂ ਕੋਈ ਵੀ ਮੋਟਰਸਾਈਕਲ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇੱਕ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਿਖਾਇਆ ਹੋਇਆ ਸੀ, ਜਿਸ 'ਤੇ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਮਾਛੀਵਾੜਾ ਵਿਖੇ ਇੱਕ ਇਲੈਕਟ੍ਰੋਨਿਕ ਦੁਕਾਨ 'ਤੇ ਏ.ਸੀ. ਰਿਪੇਅਰ ਦਾ ਕੰਮ ਕਰਦੇ ਸਨ ਪਰ ਨਸ਼ੇ ਦੀ ਭੈੜੀ ਆਦਤ ਨੇ ਉਨ੍ਹਾਂ ਨੂੰ ਕੁਰਾਹੇ ਪਾ ਦਿੱਤਾ ਅਤੇ ਉਹ ਨਸ਼ੇ ਦੀ ਪੂਰਤੀ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਲੱਗ ਪਏ। ਇਹ ਦੋਵੇਂ ਮੋਟਰਸਾਈਕਲ ਵੀ ਉਨ੍ਹਾਂ ਨੇ ਚੋਰੀ ਕੀਤੇ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਗੁਰਵੀਰ ਸਿੰਘ ਦੀ ਨਿਸ਼ਾਨਦੇਹੀ 'ਤੇ ਉਸਦੇ ਘਰ 'ਚੋਂ 2 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ। ਇਹ ਮੋਟਰਸਾਈਕਲ ਸਮਰਾਲਾ ਤੇ ਚਮਕੌਰ ਸਾਹਿਬ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।