ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਇਲਾਕੇ 'ਚ 2 ਮਹੰਤ ਗਰੁੱਪਾਂ 'ਚ ਵਧਾਈ ਲੈਣ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ, ਜਿਸ ਕਾਰਨ ਦੋ ਮਹੰਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੁਸਕਾਨ ਮਹੰਤ ਗਰੁੱਪ ਅਤੇ ਨਵਜੋਤ ਕੌਰ ਗਰੇਵਾਲ ਗਰੁੱਪ 'ਚ ਇਹ ਲੜਾਈ ਹੋਈ। ਇਹ ਝਗੜਾ ਸੀਸੀਟੀਵੀ ਵਿੱਚ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਹਮਲਾ ਕੀਤਾ। ਇਸ ਪੂਰੇ ਵਾਕਿਆ 'ਚ ਦੋ ਮਹੰਤ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਹੰਤਾਂ ਨੇ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਗਾਏ ਹਨ।
ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ : ਇਸ ਮਾਮਲੇ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਇਕ ਧੜੇ ਦਾ ਕਹਿਣਾ ਹੈ ਕਿ 2 ਦਿਨ ਬੀਤ ਜਾਣ ਮਗਰੋਂ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਮਹੰਤ ਸਿਮਰਨ ਅਤੇ ਮਹੰਤ ਰਮਨ ਦਾ ਕਹਿਣਾ ਹੈ ਕਿ ਅਸੀਂ ਵਧਾਈ ਮੰਗਣ ਲਈ ਤਾਜਪੁਰ ਰੋਡ ਗਏ, ਜਿਥੇ ਪਹਿਲਾ ਤੋਂ ਹੀ ਪੂਰੀ ਤਿਆਰੀ ਦੇ ਵਿਚ ਆਪਣੇ ਨਾਲ ਗੁੰਡਾ ਅਨਸਰ ਨੌਜਵਾਨ ਲੈ ਕੇ ਆਏ ਕੁਝ ਮਹੰਤਾਂ ਵੱਲੋਂ ਸਾਡੇ ਉਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਸਾਡੇ ਕਈ ਸਾਥੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਕਈਆਂ ਨੂੰ ਫੈਕਚਰ ਵੀ ਆਏ ਹਨ ਪਰ ਹਾਲੇ ਤੱਕ ਪੁਲਿਸ ਵੱਲੋਂ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Bhagwant mann: ਭਗਵੰਤ ਮਾਨ ਨੇ 9ਵਾਂ ਟੋਲ ਪਲਾਜ਼ਾ ਕਰਵਾਇਆ ਬੰਦ, ਕਿਹਾ- ਨਹੀਂ ਹੋਣ ਦਿੱਤੀ ਜਾਵੇਗੀ ਲੋਕਾਂ ਦੀ ਲੁੱਟ
ਦੋਵਾਂ ਧਿਰਾਂ ਖ਼ਿਲਾਫ਼ ਪਰਚਾ ਦਰਜ : ਪੁਲਿਸ ਸਟੇਸ਼ਨ ਤਾਜਪੁਰ ਇੰਚਾਰਜ ਨੇ ਦੱਸਿਆ ਕਿ ਵਧਾਈ ਮੰਗਣ ਨੂੰ ਲੈ ਕੇ ਦੋਵੇਂ ਪਾਰਟੀਆਂ ਅਹਮੋ ਸਾਹਮਣੇ ਹੋਈਆਂ ਹਨ। ਇਨ੍ਹਾਂ ਨੇ ਆਪਣੇ ਇਲਾਕੇ ਵੰਡੇ ਹੋਏ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਵੱਲੋਂ ਇੱਕ ਦੂਜੇ ਦੇ ਇਲਾਕੇ ਵਿੱਚ ਵੜਨ ਦੇ ਇਲਜ਼ਾਮ ਲਗਾ ਕੇ ਇਹ ਝਗੜਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਾਰਟੀਆਂ ਦੇ ਮੈਂਬਰਾਂ ਦੇ ਸੱਟਾਂ ਲੱਗੀਆਂ ਹਨ। ਇਸ ਕਾਰਨ ਦੋਹਾਂ ਉਤੇ ਕਰਾਸ ਪਰਚਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।