ਲੁਧਿਆਣਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਲਾਲਜੀਤ ਭੁੱਲਰ ਨੇ ਲੁਧਿਆਣਾ ਬੱਸ ਸਟੈਂਡ ਦੇ ਪਿਛਲੇ ਪਾਸੇ ਤੋਂ ਬਿਨ੍ਹਾਂ ਟੈਕਸ ਚੱਲ ਰਹੀਆਂ ਗੈਰ-ਕਾਨੂੰਨੀ ਬੱਸਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਬਿਨ੍ਹਾਂ ਟੈਕਸ ਚਲਾਉਣ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਲਈ ਕਿਹਾ। ਇਸ ਮੌਕੇ ਉਨ੍ਹਾਂ ਪੀ.ਆਰ.ਟੀ.ਸੀ ਦੀ ਵਰਕਸ਼ਾਪ ਦੇ ਵਿੱਚ ਜਾ ਕੇ ਵੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮੁਸ਼ਕਿਲਾਂ ਸੰਬੰਧੀ ਜਾਣਿਆ।
ਪ੍ਰਾਈਵੇਟ ਬੱਸ ਮਾਫੀਆ ਤੇ ਨਕੇਲ:- ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਿਨ੍ਹਾਂ ਬੱਸਾਂ ਦੇ ਕੋਲ ਪੂਰੇ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾਣ। ਇਸ ਦੌਰਾਨ ਹੀ ਲਾਲਜੀਤ ਭੁੱਲਰ ਨੇ ਮੌਕੇ ਉੱਤੇ ਹੀ ਬੱਸਾਂ ਦੀ ਚੈਕਿੰਗ ਕੀਤੀ ਅਤੇ ਬੱਸਾਂ ਦੇ ਡਰਾਈਵਰਾਂ ਦੇ ਨਾਲ ਗੱਲਬਾਤ ਕਰਕੇ ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਸਾਂ ਦੇ ਕੋਲ ਦਸਤਾਵੇਜ਼ ਪੂਰੇ ਨਹੀਂ ਹਨ। ਇਸੇ ਕਰਕੇ ਹੀ ਬੱਸਾਂ ਦੇ ਡਰਾਇਵਰ ਆਪਣੀਆਂ ਬੱਸਾਂ ਛੱਡ ਕੇ ਚਲੇ ਗਏ ਹਨ। ਇਸ ਦੌਰਾਨ ਲਾਲਜੀਤ ਭੁੱਲਰ ਨੇ ਮੌਕੇ ਉੱਤੇ ਮੌਜੂਦ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਬੱਸਾਂ ਦੇ ਬੱਸਾਂ ਦੇ ਚਲਾਨ ਕੱਟੇ ਜਾਣ। ਜਿਹਨਾਂ ਦੇ ਕਾਗਜ਼ ਪੂਰੇ ਨਹੀਂ ਹਨ, ਉਨ੍ਹਾਂ ਨੂੰ ਇੰਪਾਊਂਡ ਕੀਤਾ ਜਾਵੇ। ਟਰਾਂਸਪੋਰਟ ਮੰਤਰੀ ਨੇ ਬੱਸ ਸਟੈਂਡ ਦੇ ਮੁਲਾਜ਼ਮਾਂ ਨੂੰ ਵੀ ਤਾੜਨਾ ਕੀਤੀ ਅਤੇ ਕਿਹਾ ਉਹ ਇਸ ਚੈਕਿੰਗ ਨੂੰ ਹਲਕੇ ਦੇ ਵਿਚ ਨਾ ਲੈਣ।
ਜਲਦ ਨਵੀਆਂ ਬੱਸਾਂ ਆਉਣਗੀਆਂ:- ਲੁਧਿਆਣਾ ਪਹੁੰਚੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਉਹ ਅੱਜ ਵਿਸ਼ੇਸ਼ ਤੌਰ ਉੱਤੇ ਚੈੱਕ ਕਰਨ ਆਏ ਹਨ ਕਿ ਜਿਨ੍ਹਾਂ ਸਵਾਰੀਆਂ ਨੂੰ ਮੁਫ਼ਤ ਵਿੱਚ ਸਰਕਾਰੀ ਬੱਸਾਂ ਲਈ ਜਾਂਦੀਆਂ ਹਨ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਹੈ।ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਚੈਕਿੰਗ ਦੌਰਾਨ ਹੀ ਬੱਸਾਂ ਦੇ ਹਾਲਾਤ ਜਾਣੇ ਅਤੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਸੜਕਾਂ ਖਰਾਬ ਹਨ, ਉਨ੍ਹਾਂ ਨੂੰ ਵੀ ਠੀਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਵਿੱਚ ਜਲਦ ਨਵੀਆਂ ਬੱਸਾਂ ਖਰੀਦਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਭਲਾਈ ਲਈ ਟਰਾਂਸਪੋਰਟ ਵਿਭਾਗ ਲਈ ਅਸੀਂ ਕਦਮ ਚੁੱਕ ਰਹੇ ਹਾਂ।
ਆਰਟੀਏ ਦਫਤਰ ਉੱਤੇ ਟਿੱਪਣੀ:- ਲੁਧਿਆਣਾ ਦੇ ਆਰਟੀਏ ਦਫ਼ਤਰ ਦੇ ਵਿੱਚ ਲੋਕ ਹੋ ਰਹੇ ਖੱਜਲ-ਖੁਆਰ ਅਤੇ ਇਸ ਨੂੰ ਲੈ ਕੇ ਅੱਜ ਮੀਡੀਆ ਦੇ ਵਿੱਚ ਖ਼ਬਰ ਨਸ਼ਰ ਕੀਤੇ ਜਾਣ ਉੱਤੇ ਪੁੱਛੇ ਸਵਾਲ ਸਬੰਧੀ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਸੀਂ ਸਮਰਾਲਾ ਦੇ ਰਿਜ਼ਨਲ ਟਰਾਂਸਪੋਰਟ ਮੰਤਰੀ ਨੂੰ ਵਾਧੂ ਚਾਰਜ਼ ਦਿੱਤਾ ਹੈ ਅਤੇ ਉਹ ਹੁਣ ਇੱਥੇ ਆ ਕੇ ਵੀ ਕੰਮ ਸੰਭਾਲਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਵੀ ਮੁਸ਼ਕਿਲਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਸਲਾ ਲਾਇਸੈਂਸ ਆਨਲਾਈਨ ਬਣਾ ਰਹੇ ਹਨ ਅਤੇ ਆਰਸੀ ਦੇ ਕੰਮ ਅਤੇ ਹੋਰ ਕੰਮ ਨੂੰ ਵੀ ਪਾਰਦਰਸ਼ਤਾ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਜੀ.ਐਮ ਨੇ ਦਿੱਤੀ ਸਫਾਈ:- ਇਸ ਮੌਕੇ ਜਦੋਂ ਲੁਧਿਆਣਾ ਬੱਸ ਸਟੈਂਡ ਦੇ ਜੀ.ਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਸਮੇਂ-ਸਮੇਂ 'ਤੇ ਚੈਕਿੰਗ ਵੀ ਕੀਤੀ ਜਾਂਦੀ ਹੈ, ਬੱਸਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਆਲ ਇੰਡੀਆ ਟੂਰਿਸਟ ਪਰਮਿਟ ਹੈ, ਉਹ ਬੱਸਾਂ ਬੱਸ ਸਟੈਂਡ ਅੰਦਰ ਨਹੀਂ ਆ ਸਕਦੀਆਂ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਬੱਸ ਸਟੈਂਡ ਦੇ ਬਾਹਰੋਂ ਸਵਾਰੀਆਂ ਚੁੱਕ ਸਕਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ।
ਇਹ ਵੀ ਪੜੋ:- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵਲੋਂ ਰਜਵਾੜਿਆਂ ਖਿਲਾਫ਼ ਸ਼ੁਰੂ ਕੀਤੀ ਜੰਗ ਅੱਜ ਵੀ ਜਾਰੀ : ਭਗਵੰਤ ਮਾਨ