ਖੰਨਾ: ਸ੍ਰੀ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਰਾਹੋਂ ਰੋਡ 'ਤੇ ਚੋਰਾਂ ਨੇ ਇੱਕ ਇਲੈਕਟ੍ਰਾਨਿਕ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਦੇ ਅਧਾਰ 'ਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਈ ਸ਼ੋਅਰੂਮ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਜਦੋਂ ਉਹ ਆਪਣੇ ਘਰ ਗਏ ਤਾਂ ਮਗਰੋਂ ਇੱਥੇ ਮਹਿੰਦਰਾ ਪਿਕਅੱਪ ਜੀਪ ਵਿੱਚ ਆਏ ਚੋਰਾਂ ਨੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਇੱਕ ਗ੍ਰਾਹਕ ਨੇ ਦਿੱਤੀ ਚੋਰੀ ਦੀ ਸੂਚਨਾ : ਸਥਾਨਕ ਇਲੈਕਟ੍ਰਾਨਿਕ ਸ਼ੋਅਰੂਮ ਦੇ ਮਾਲਕ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਇਕ ਗ੍ਰਾਹਕ ਦੁਕਾਨ 'ਤੇ ਕਿਸ਼ਤ ਜਮ੍ਹਾ ਕਰਵਾਉਣ ਲਈ ਆਇਆ ਤਾਂ ਉਸਨੇ ਸ਼ਟਰ ਟੁੱਟਾ ਦੇਖਿਆ। ਜਿਸ ਤੋਂ ਬਾਅਦ ਉਸਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ। ਜਦੋਂ ਉਸਨੇ ਦੁਕਾਨ ’ਤੇ ਆ ਕੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਇੱਕ ਮਹਿੰਦਰਾ ਪਿਕਅੱਪ ਜੀਪ ਆਉਂਦੀ ਹੈ। ਜਿਸ ਵਿਚ ਕੁਝ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ 15 ਬੈਟਰੀਆਂ ਸਮੇਤ ਪੁਰਾਣੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਮਾਲਿਕ ਮੁਤਾਬਿਕ ਚੋਰਾਂ ਨੇ ਗੱਲ੍ਹੇ ਵਿੱਚੋਂ ਕਰੀਬ 8 ਹਜ਼ਾਰ ਰੁਪਏ ਵੀ ਚੋਰੀ ਕੀਤੇ ਹਨ। ਉਹਨਾਂ ਦੱਸਿਆ ਕਿ ਇਸ ਚੋਰੀ ਵਿੱਚ ਕੁੱਲ 4 ਲੱਖ ਰੁਪਏ ਦਾ ਨੁਕਸਾਨ ਹੋਇਆ। ਇਸਦੇ ਨਾਲ ਹੀ ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਗਾਇਆ ਜਾਵੇ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤਾਂ ਜੋ ਉਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।
ਲੋਕਾਂ ਦੀ ਮੌਜੂਦਗੀ ਵਿੱਚ ਵਾਰਦਾਤ: ਜ਼ਿਕਰਯੋਗ ਹੈ ਕਿ ਚੋਰਾਂ ਨੂੰ ਸੂਬੇ ਵਿੱਚ ਵੱਧ ਰਹੇ ਅਪਰਾਧ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਚੋਰ ਬਿੰਨਾਂ ਕਿਸੇ ਡਰ ਖੌਫ ਦੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਵੇਲੇ ਖੰਨਾ ਦੀ ਇਹ ਘਟਨਾ ਵਾਪਰੀ ਹੈ ਉਸ ਵੇਲੇ ਕੈਮਰੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਲੋਕਾਂ ਦਾ ਡਰ ਚੋਰਾਂ ਨੂੰ ਜ਼ਰਾ ਵੀ ਨਹੀਂ ਸੀ। ਕਿਓਂਕਿ ਵਾਰਦਾਤ ਵੇਲੇ ਲੋਕ ਆ ਜਾ ਰਹੇ ਹਨ ਪਰ ਚੋਰਾਂ ਦੇ ਬੁਲੰਦ ਹੌਂਸਲੇ ਅੱਗੇ ਇਹ ਲੋਕ ਵੀ ਕੁਝ ਨਹੀਂ। ਇਲਾਕੇ 'ਚ ਲੋਕ ਸੈਰ ਕਰ ਰਹੇ ਸਨ ਅਤੇ ਚੋਰ ਚੋਰੀ। ਉਹ ਕਰੀਬ ਇੱਕ ਘੰਟਾ ਵਾਰਦਾਤ ਕਰਦੇ ਰਹੇ। ਇਸਤੋਂ ਬਾਅਦ ਉਹ ਗੱਡੀ ਵਿੱਚ ਫਰਾਰ ਹੋ ਗਏ। ਫਿਲਹਾਲ ਮਾਮਲੇ ਸਬੰਧੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਤੋਂ ਗੱਡੀ ਦਾ ਨੰਬਰ ਪਤਾ ਕਰਕੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।