ਲੁਧਿਆਣਾ: ਪੰਜਾਬ ਦੇ ਗੈਂਗਸਟਰ ਸੁਖਵਿੰਦਰ ਸੁੱਖਾ ਦੇ ਕਤਲ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਸੂਰਜ ਉਰਫ ਬੱਬੂ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਹ ਸੁੱਖੇ ਦੇ ਕਤਲ ਲਈ ਰੋਹਿਤ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਲਾਈਵ ਹੋਏ ਮੁਲਜ਼ਮ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਬੇਕਸੂਰ ਹੈ ਅਤੇ 10 ਸਾਲ ਪੁਰਾਣਾ ਪੁਲਿਸ ਉਸ ਦਾ ਰਿਕਾਰਡ ਚੈੱਕ ਕਰ ਸਕਦੀ ਹੈ। ਉਸ ਉੱਤੇ ਕੋਈ ਮਾਮਲਾ ਦਰਜ ਨਹੀਂ ਹੈ ਅਤੇ ਨਾ ਹੀ ਉਸ ਨੇ ਕੋਈ ਜੁਰਮ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਪਾਈ ਵੀਡੀਓ ਦੇ ਵਿੱਚ ਬੱਬੂ ਨੇ ਲੁਧਿਆਣਾ ਪੁਲਿਸ ਉੱਤੇ ਵੀ ਸਵਾਲ ਖੜੇ ਕੀਤੇ ਨੇ। ਮੁਲਜ਼ਮ ਬੱਬੂ ਵੀਡੀਓ ਵਿੱਚ ਦੱਸ ਰਿਹਾ ਹੈ ਕਿ ਰੋਹਿਤ ਅਤੇ ਉਸ ਦੇ ਕੁੱਝ ਸਾਥੀਆਂ ਵੱਲੋਂ ਲਗਾਤਾਰ ਸੁੱਖੇ ਨੂੰ ਸਮਝੌਤਾ ਕਰਵਾਉਣ ਲਈ ਸੁਨੇਹੇ ਭੇਜੇ ਜਾ ਰਹੇ ਸਨ ਅਤੇ ਜਦੋਂ ਉਹ ਉਨ੍ਹਾਂ ਦੇ ਘਰ ਗਏ ਤਾਂ ਪਹਿਲਾਂ ਤੋਂ ਹੀ ਤਿਆਰੀ ਕਰਕੇ ਬੈਠੇ ਰੋਹਿਤ ਨੇ ਫਾਇਰ ਕਰ ਦਿੱਤਾ ਅਤੇ ਆਪਣੇ ਬਚਾਅ ਦੇ ਵਿੱਚ ਉਸ ਵੱਲੋਂ ਮਜਬੂਰੀ ਵਿੱਚ ਗੋਲੀ ਚਲਾਈ ਗਈ ਨਹੀਂ ਤਾਂ ਰੋਹਿਤ ਉਸ ਨੂੰ ਵੀ ਗੋਲੀ ਮਾਰ ਦਿੰਦਾ।
ਕਤਲ ਵਿੱਚ ਕਈ ਦੀ ਭੂਮਿਕਾ: ਮੁਲਜ਼ਮ ਬੱਬੂ ਨੇ ਵੀਡੀਓ ਦੇ ਵਿੱਚ ਖੁਦ ਨੂੰ ਬੇਕਸੂਰ ਦੱਸਦਿਆਂ ਹੋਇਆਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਫਾਇਰ ਕਰਨ ਵਾਲੇ ਦੀ ਪਤਨੀ ਮਠਿਆਈ ਦਾ ਡੱਬਾ ਉਪਰ ਲੈ ਕੇ ਆਈ ਸੀ ਅਤੇ ਉਸ ਦੇ ਵਿੱਚ ਹੀ ਅਸਲਾ ਲਿਆਂਦਾ ਗਿਆ ਸੀ। ਜਿਸ ਨਾਲ ਰੋਹਿਤ ਵੱਲੋਂ ਗੋਲੀ ਚਲਾਈ ਗਈ। ਉਸ ਨੇ ਕਿਹਾ ਕਿ ਇਸ ਵਿੱਚ ਰੋਹਿਤ ਦੀ ਪਤਨੀ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਜਿਸ ਵੇਲੇ ਰੋਹਿਤ ਦੇ ਘਰ ਇਹ ਮੀਟਿੰਗ ਹੋ ਰਹੀ ਸੀ ਉਸ ਵੇਲੇ ਏਸੀ ਠੀਕ ਕਰਨ ਵਾਲੇ ਦੋ ਸ਼ੱਕੀ ਮੌਕੇ ਉੱਤੇ ਪਹੁੰਚੇ ਹੋਏ ਸਨ ਅਤੇ ਉਹ ਵੀ ਇਸ ਗੋਲੀ ਕਾਂਡ ਦੇ ਵਿੱਚ ਜ਼ਿੰਮੇਵਾਰ ਹੋ ਸਕਦੇ ਨੇ। ਉਸ ਨੇ ਮੰਗ ਕੀਤੀ ਕਿ ਪੁਲਿਸ ਨੂੰ ਹਰ ਪਹਿਲੂ ਦੀ ਤਹਿ ਤੱਕ ਜਾਣਾ ਚਾਹੀਦਾ ਹੈ।
ਪੁਲਿਸ ਉੱਤੇ ਸਵਾਲ: ਫਰਾਰ ਚੱਲ ਰਹੇ ਮੁਲਜ਼ਮ ਬੱਬੂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਬਿਟਨ ਕੁਮਾਰ ਐਸਐਚਓ ਇਸ ਪੂਰੇ ਮਾਮਲੇ ਦੀ ਜਾਂਚ ਕਰੇ, ਕਿਉਂਕਿ ਉਸ ਦੀ ਪਹਿਲਾਂ ਹੀ ਐਸਐਚਓ ਦੇ ਨਾਲ ਲੱਗਦੀ ਹੈ ਅਤੇ ਉਹ ਉਸ ਨੂੰ ਜਾਣ-ਬੁੱਝ ਕੇ ਫਸਾਉਣ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ। ਜਦੋਂ ਕਿ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਵੇਲੇ ਸੁੱਖੇ ਨੂੰ ਮਾਰਿਆ ਗਿਆ ਉਸ ਵੇਲੇ ਕੁਝ ਹੋਰ ਲੋਕ ਵੀ ਮੌਜੂਦ ਸਨ ਜਿਨ੍ਹਾਂ ਦੀ ਜਾਂਚ ਹੋਣੀ ਜ਼ਰੂਰੀ ਹੈ। ਉਸ ਨੇ ਕਿਹਾ ਕਿ ਕਿਸੇ ਹੋਰ ਅਧਿਕਾਰੀ ਤੋਂ ਇਸ ਕੇਸ ਦੀ ਤਫਤੀਸ਼ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਵਿੱਚ ਗੋਪੀ, ਇਸ਼ੂ ਅਤੇ ਤਿੰਦਰ ਹੀ ਸ਼ਾਮਿਲ ਹਨ ਜੋਕਿ ਸੁੱਖੇ ਦੇ ਨਾਂ ਉੱਤੇ ਗਲਤ ਕੰਮ ਕਰ ਰਹੇ ਸਨ। ਦੱਸ ਦਈਏ ਗੈਂਗਸਟਰ ਸੁੱਖਾ 23 ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਬੀਤੇ ਦਿਨੀਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ।