ਲੁਧਿਆਣਾ: ਸੂਬੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਘਟਣ ਦੀ ਬਜਾਇ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਬੀਤੀ ਦੇਰ ਰਾਤ ਘਰ ‘ਚ ਰੱਖੇ ਨੌਕਰ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਘਰ ਵਿੱਚ ਮੌਜੂਦ ਬਜ਼ੁਰਗ ਜੋੜੇ ਅਤੇ ਬਾਕੀ ਹੋਰ 4 ਵਰਕਰਾਂ ਨੂੰ ਨਸ਼ਾ ਦੇਕੇ ਘਰ ਵਿਚ ਗਹਿਣੇ ਅਤੇ ਨਗਦੀ ਲੁੱਟੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਮੈਂਬਰਾਂ ਸਣੇ 6 ਲੋਕਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਸਾਰੇ ਹਾਲੇ ਵੀ ਨਸ਼ੇ ਦੀ ਹਾਲਤ ‘ਚ ਹਨ।
ਮੌਕੇ ‘ਤੇ ਪਹੁੰਚੇ ਏ ਸੀ ਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਨੇਪਾਲੀ ਨੂੰ ਪਰਿਵਾਰ ਵੱਲੋਂ 1 ਮਹੀਨਾ ਪਹਿਲਾਂ ਹੀ ਰੱਖਿਆ ਗਿਆ ਸੀ ਜਿਸ ਵਲੋਂ ਇਸ ਵਾਰਦਾਤ ਨੂੰ ਅੰਜ਼ਮ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨਾਲ ਹੋਰ ਕੌਣ ਸਾਥੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੁੱਟ ਕਿੰਨੀ ਹੋਈ ਇਸ ਬਾਰੇ ਘਰ ਦੇ ਬੇਟੇ ਤੇ ਨੂੰਹ ਦੇ ਆਉਣ ‘ਤੇ ਹੀ ਪਤਾ ਚਲੇਗਾ ਕਿਉਂਕਿ ਵਾਰਦਾਤ ਸਮੇਂ ਉਹ ਘਰ ਨਹੀਂ ਸਨ। ਉਨ੍ਹਾਂ ਕਿਹਾ 6 ਮੈਂਬਰਾਂ ਨੂੰ ਨਸ਼ਾ ਦਿੱਤਾ ਗਿਆ ਸੀ ਜਿਸ ਵਿਚ ਘਰ ਦੇ ਬਜ਼ੁਰਗ ਵੀ ਸ਼ਾਮਿਲ ਹਨ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਹਾਲੇ ਵੀ ਨਸ਼ੇ ਦੀ ਹਾਲਤ ‘ਚ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਹੀ ਹੋਣ ‘ਤੇ ਹੀ ਪੂਰੀ ਵਾਰਦਾਤ ਬਾਰੇ ਪਤਾ ਚੱਲੇਗਾ। ਉਨ੍ਹਾਂ ਕਿਹਾ ਨੌਕਰ ਦੀ ਪਰਿਵਾਰ ਨੇ ਸਨਾਖਤ ਕਰਵਾਈ ਹੋਈ ਹੈ ਉਸ ਦਾ ਪਤਾ ਪੁਲਿਸ ਨੂੰ ਮਿਲ ਗਿਆ ਹੈ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀ ਗੋਲੀ, 4 ਦੀ ਮੌਤ 2 ਜ਼ਖ਼ਮੀ