ਲੁਧਿਆਣਾ : ਇੱਥੋਂ ਦੇ ਡਾਬਾ ਇਲਾਕੇ ਵਿੱਚ ਅੱਜ ਸਵੇਰੇ ਹੋਜ਼ਰੀ ਫੈਕਟਰੀ ਦੀ ਤੀਜੀ ਇਮਾਰਤ ਦਾ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਵਿੱਚ 40 ਲੋਕ ਹੇਠਾਂ ਦਬ ਗਏ ਜਿਸ ਤੋਂ ਬਾਅਦ ਤੁਰੰਤ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ਉੱਤੇ ਬੁਲਾਇਆ ਗਿਆ। ਫਿਲਹਾਲ 35 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਦੋਂਕਿ ਇਮਾਰਤ ਵਿੱਚ ਹਾਲੇ ਵੀ 5 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ।

ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੀ ਪੁਸ਼ਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਬਣਾ ਰਹੇ ਠੇਕੇਦਾਰ ਅਤੇ ਫੈਕਟਰੀ ਦੇ ਮਾਲਕ ਦੀ ਲਾਪਰਵਾਹੀ ਹੈ। ਉਨ੍ਹਾਂ ਕਿਹਾ ਕਿ ਇੰਨੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਇੰਨੀ ਉੱਤੇ ਲੈਂਡਰ ਨੂੰ ਜੈੱਕ ਲਗਾ ਕੇ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਉੱਥੇ ਹੀ ਉਨ੍ਹਾਂ ਦੱਸਿਆ ਇਸ ਫੈਕਟਰੀ ਵਿੱਚ ਟਰੈਕਟਰ ਦੇ ਪਾਰਟ ਬਣਦੇ ਸੀ ਤੇ ਇਹ ਹਾਦਸਾ ਸਵੇਰੇ 9.15 ਉੱਤੇ ਵਾਪਰਿਆ ਸੀ।
ਉਧਰ ਲਗਾਤਾਰ ਐਨਡੀਆਰਐਫ ਟੀਮਾਂ ਮੌਕੇ ਉੱਤੇ ਪਹੁੰਚ ਕੇ ਰਾਹਤ ਕਾਰਜ ਚਲਾ ਰਹੀਆਂ ਹਨ। ਮਲਬੇ ਨੂੰ ਹਟਾਉਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਇਸ ਵਿੱਚ ਮਾਮੂਲੀ ਸੱਟਾਂ ਦਾ ਸ਼ਿਕਾਰ ਵੀ ਹੋਏ ਹਨ। ਹਾਲਾਂਕਿ ਸਥਾਨਕ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਪਰ ਇਸ ਲਈ ਪ੍ਰਸ਼ਾਸਨ ਵੱਲੋਂ ਫ਼ਿਲਹਾਲ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।