ਲੁਧਿਆਣਾ: ਦਰੇਸੀ ਵਿੱਚ ਸਥਿਤ ਡਿਵੀਜ਼ਨ ਨੰਬਰ ਚਾਰ ਦੇ ਅਧੀਨ ਆਉਂਦੇ ਇੱਕ ਚੈਰੀਟੇਬਲ ਹਸਪਤਾਲ ਦੇ ਬਾਥਰੂਮ ਵਿੱਚੋਂ ਭਰੂਣ ਮਿਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਉੱਤੇ ਸਵਾਲ ਖੜੇ ਹੋ ਰਹੇ ਹਨ। ਇਹ ਬਾਥਰੂਮ ਹਸਪਤਾਲ ਦੇ ਅੰਦਰ ਬਣਿਆ ਹੋਇਆ ਹੈ ਅਤੇ ਉਥੋਂ ਇਹ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਹਸਪਤਾਲ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਖੰਗਾਲ ਰਹੀ ਪੁਲਿਸ: ਥਾਣਾ ਦਰੇਸੀ ਦੇ ਇੰਚਾਰਜ ਨੇ ਦੱਸਿਆ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਲਈ ਸਾਰੇ ਹੀ ਸ਼ੱਕੀ ਹਨ ਅਸੀਂ ਹਸਪਤਾਲ ਦੀ ਸੀਸੀਟੀਵੀ ਤਸਵੀਰਾਂ ਵੀ ਖੰਗਾਲ ਰਹੇ ਹਨ। ਥਾਣਾ ਦਰੇਸੀ ਦੇ ਇੰਚਾਰਜ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਇਹੀ ਹੈ ਕਿ ਆਖਿਰਕਾਰ ਇਹ ਭਰੂਣ ਪਖਾਨੇ (ਬਾਥਰੂਮ) ਵਿੱਚ ਕਿਵੇਂ ਆਇਆ? ਕੀ ਇਹ ਬਾਹਰੋਂ ਲਿਆਂਦਾ ਗਿਆ ਸੀ ਜਾਂ ਫਿਰ ਹਸਪਤਾਲ ਵਿੱਚ ਹੀ ਇਹ ਆਇਆ ਹੈ। ਇਸ ਸਬੰਧੀ ਜਾਂਚ ਕੀਤੀ ਜਾਵੇਗੀ।
ਹਸਪਤਾਲ ਦੇ ਪ੍ਰਸ਼ਾਸਨ ਤੇ ਡਾਕਟਰਾਂ ਤੋਂ ਪੁੱਛਗਿੱਛ: ਪੁਲਿਸ ਵੱਲੋਂ ਹਸਪਤਾਲ ਦੇ ਪ੍ਰਸ਼ਾਸਨ ਅਤੇ ਹੋਰ ਡਾਕਟਰਾਂ ਸਟਾਫ ਦੇ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਧਰ ਇਸ ਸਬੰਧੀ ਲੁਧਿਆਣਾ ਦੇ ਸਿਵਿਲ ਸਰਜਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਸਿਵਿਲ ਸਰਜਨ ਨੇ ਮੰਗੀ ਰਿਪੋਰਟ: ਸਿਵਿਲ ਸਰਜਨ ਵੱਲੋਂ ਵੀ ਇਸ ਸਬੰਧੀ ਹਸਪਤਾਲ ਪ੍ਰਸ਼ਾਸ਼ਨ ਤੋਂ ਰਿਪੋਰਟ ਮੰਗੀ ਗਈ ਹੈ। ਇਸ ਚੈਰੀਟੇਬਲ ਹਸਪਤਾਲ ਇਸ ਤਰਾਂ ਭਰੂਣ ਮਿਲਣ ਉੱਤੇ ਇਲਾਕਾ ਵਾਸੀਆਂ ਵਿੱਚ ਵੀ ਗੁੱਸਾ ਹੈ, ਕਿਉਂਕਿ ਇਸ ਹਸਪਤਾਲ ਦੇ ਬਾਹਰ ਮੰਦਿਰ ਹੈ ਅਤੇ ਚੈਰੀਟੇਬਲ ਟਰੱਸਟ ਵੱਲੋਂ ਹੀ ਇਸ ਹਸਪਤਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਭੀੜ ਭਾੜ ਵਾਲੇ ਇਲਾਕੇ ਵਿੱਚ ਇਹ ਹਸਪਤਾਲ ਸਥਿਤ ਹੈ। ਪੁਲਿਸ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ।