ਲੁਧਿਆਣਾ: ਪੁਲਿਸ ਕਮਿਸ਼ਨਰ ਨੇ ਵਿਧਾਇਕ ਸਿਮਰਜੀਤ ਬੈਂਸ ਨੂੰ ਪਾਰਟੀ ਵਰਕਰ ਸੰਨੀ ਕੈਂਥ ਮਾਮਲੇ ਵਿੱਚ ਧਰਨਾ ਲਾਉਣ ਦੌਰਾਨ ਮਾਸਕ ਨਾ ਪਾਏ ਜਾਣ 'ਤੇ ਨੋਟਿਸ ਜਾਰੀ ਕਰਕੇ ਟੈਸਟ ਕਰਵਾਉਣ ਲਈ ਕਿਹਾ ਸੀ, ਪਰ ਬੈਂਸ ਨੇ ਟੈਸਟ ਨਹੀਂ ਕਰਵਾਇਆ।
ਟੈਸਟ ਨਾ ਕਰਵਾਉਣ 'ਤੇ ਬੁੱਧਵਾਰ ਨੂੰ ਗੱਲਬਾਤ ਦੌਰਾਨ ਬੈਂਸ ਨੇ ਕਿਹਾ ਕਿ ਪੁਲਿਸ ਕਮਿਸ਼ਨਰ, ਸਿਹਤ ਵਿਭਾਗ ਦਾ ਹਿੱਸਾ ਨਹੀਂ ਹੈ ਅਤੇ ਟੈਸਟ ਕਰਵਾਉਣਾ, ਨਾ ਕਰਨਾ ਸਿਹਤ ਵਿਭਾਗ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰ ਕੋਈ ਸਿਹਤ ਮਹਿਕਮੇ ਦਾ ਡਾਇਰੈਕਟਰ ਜਾਂ ਡਾਕਟਰ ਨਹੀਂ ਹੈ, ਜੋ ਉਨ੍ਹਾਂ ਨੂੰ ਨੋਟਿਸ ਕੱਢਣ। ਇਸ ਲਈ ਪੁਲਿਸ ਕਮਿਸ਼ਨਰ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਕਿਵੇਂ ਨੋਟਿਸ ਭੇਜ ਸਕਦੇ ਹਨ?
ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਕਿ ਸਿਹਤ ਮੰਤਰੀ ਨੇ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਆ ਜਾਵੇ, ਉਹ ਕਿਉਂ ਕਹਿਣਗੇ ਉਹ ਟੈਸਟ ਨਹੀਂ ਕਰਵਾਉਣਾ ਚਾਹੁੰਦੇ? ਉਹ ਟੈਸਟ ਕਰਵਾਉਣ ਤੋਂ ਨਹੀਂ ਡਰਦੇ ਹਨ। ਉਨ੍ਹਾਂ ਕਿਹਾ ਉਹ ਰਿਸ਼ਟ-ਪੁਸ਼ਟ ਹਨ ਅਤੇ ਉਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਹੈ।
ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਇਕੱਲੇ ਉਨ੍ਹਾਂ ਦੀ ਪਾਰਟੀ ਵੱਲੋਂ ਹੀ ਨਹੀਂ ਬਲਕਿ ਵੱਖ-ਵੱਖ ਪਾਰਟੀਆਂ ਵੱਲੋਂ ਵੀ ਧਰਨੇ ਦਿੱਤੇ ਜਾਂਦੇ ਰਹੇ ਹਨ, ਪਰ ਸਿਰਫ ਉਨ੍ਹਾਂ ਨੂੰ ਹੀ ਟੈਸਟ ਕਰਵਾਉਣ ਲਈ ਕਿਉਂ ਕਿਹਾ ਗਿਆ?
ਵਿਧਾਇਕ ਬੈਂਸ ਨੇ ਕਿਹਾ ਪੁਲਿਸ ਕਮਿਸ਼ਨਰ ਨੇ ਇਹ ਸਭ ਕੁੱਝ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣਾ ਸਿਹਤ ਵਿਭਾਗ ਦਾ ਕੰਮ ਹੈ ਅਤੇ ਜੇਕਰ ਕੋਈ ਡਾਕਟਰ ਉਨ੍ਹਾਂ ਨੂੰ ਕਹਿੰਦਾ ਤਾਂ ਉਹ ਉਸ ਦੀ ਗੱਲ ਜ਼ਰੂਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨਰ ਦੇ ਨੋਟਿਸ ਦਾ ਲਿਖਤੀ ਵਿੱਚ ਜਵਾਬ ਦਿੱਤਾ ਗਿਆ ਹੈ।