ਲੁਧਿਆਣਾ: ਪੰਜਾਬ ਵਿੱਚ ਆਉਂਦੇ ਦਿਨਾਂ 'ਚ ਮੌਸਮ 'ਚ ਵੱਡੀ ਤਬਦੀਲੀ ਹੋਵੇਗੀ। ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਾਰਸ਼ ਅਤੇ ਬਰਫਬਾਰੀ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਉਂਦੇ 24 ਘੰਟਿਆਂ ਤੋਂ ਬਾਅਦ ਠੰਢ ਵਧਣ ਦੇ ਨਾਲ-ਨਾਲ ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੇ 24 ਘੰਟਿਆਂ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਬੱਦਲਵਾਈ ਵਾਲਾ ਰਹੇਗਾ ਨਾਲ ਹੀ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਹ ਮੌਸਮ ਫਸਲਾਂ ਲਈ ਲਾਹੇਵੰਦ ਹੈ ਅਤੇ ਫ਼ਸਲਾਂ 'ਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਲਗਾਤਾਰ ਪਹਾੜਾਂ 'ਚ ਪੈ ਰਹੀ ਬਰਫਬਾਰੀ ਕਾਰਨ ਸ਼ੀਤ ਲਹਿਰ ਮੈਦਾਨੀ ਇਲਾਕਿਆਂ ਵੱਲ ਵਗ ਰਹੀ ਹੈ ਜਿਸ ਕਾਰਨ ਆਉਂਦੇ ਦਿਨਾਂ ਚ ਠੰਢ ਹੋਰ ਵਧ ਸਕਦੀ ਹੈ।