ਲੁਧਿਆਣਾ: ਕੋਰੋਨਾ ਵਾਇਰਸ ਕਰ ਕੇ ਕੀਤੇ ਗਏ ਲੌਕਡਾਊਨ ਦੌਰਾਨ ਆਤਮ ਹੱਤਿਆ, ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਲੁਧਿਆਣਾ ਦੇ ਡੀਸੀਪੀ ਅਖਿਲ ਚੌਧਰੀ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਲੁਧਿਆਣਾ ਵਿੱਚ 100 ਮਾਮਲੇ ਆਤਮ-ਹੱਤਿਆ ਅਤੇ 1500 ਮਾਮਲੇ ਘਰੇਲੂ ਹਿੰਸਾ ਦੇ ਦਰਜ ਕੀਤੇ ਗਏ ਹਨ। ਲੌਕਡਾਊਨ ਤੋਂ ਪਹਿਲਾਂ ਇਸੇ ਸਾਲ ਵਿੱਚ 60 ਮਾਮਲੇ ਆਤਮ-ਹੱਤਿਆ ਅਤੇ 850 ਮਾਮਲੇ ਘਰੇਲੂ ਹਿੰਸਾ ਦੇ ਆਏ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਲੌਕਡਾਊਨ ਦੌਰਾਨ ਹੀ ਆਤਮ-ਹੱਤਿਆ ਅਤੇ ਘਰੇਲੂ ਹਿੰਸਾ ਦਾ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ ਹੈ।
ਅਖਿਲ ਚੌਧਰੀ ਨੇ ਬੋਲਦਿਆਂ ਦੱਸਿਆ ਕਿ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਆਤਮ-ਹੱਤਿਆ ਦੇ ਕਾਰਨ ਵੱਖ-ਵੱਖ ਸਨ, ਜਿਨ੍ਹਾਂ ਵਿੱਚ ਮਾਨਸਿਕ ਤਣਾਅ, ਬੇਰੁਜ਼ਗਾਰੀ ਅਤੇ ਵਿੱਤੀ ਮੁਸ਼ਕਿਲਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਆਤਮ-ਹੱਤਿਆ ਦੇ ਮਾਮਲੇ 30-40 ਸਾਲ ਦੀ ਉਮਰ ਦੇ ਗਰੁੱਪ ਵਾਲਿਆਂ ਦੇ ਜ਼ਿਆਦਾ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ ਮਾਮਲੇ 742 ਹਨ, ਜਿਨ੍ਹਾਂ ਵਿੱਚੋਂ 277 ਐਕਟਿਵ, 446 ਤੰਦਰੁਸਤ ਹੋਏ ਅਤੇ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।