ਲੁਧਿਆਣਾ: ਪੰਜਾਬ ਵਿੱਚ ਹਰ ਸਾਲ ਹਜ਼ਾਰਾਂ ਲੋਕ ਆਪਣੀ ਜਾਨ ਸੜਕ ਹਾਦਸਿਆਂ ਵਿੱਚ ਗਵਾ ਲੈਂਦੇ ਹਨ। ਐਨ.ਸੀ.ਆਰ.ਬੀ 2021 ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ 10 ਹਜ਼ਾਰ 445 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਜਿਸ ਵਿੱਚ ਲੁਧਿਆਣਾ ਜ਼ਿਲ੍ਹਾ ਵਿੱਚ ਹੀ 478 ਲੋਕਾਂ ਨੇ ਇਕ ਸਾਲ ਵਿੱਚ ਆਪਣੀ ਜਾਨ ਗਵਾਈ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਟਰੈਫਿਕ ਹਾਕਸ ਐਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਕੀਤਾ ਗਿਆ ਹੈ।
ਸੜਕ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ: ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ ਸੂਬਾ ਸਰਕਾਰ ਨੇ ਸ਼ੁਰੂ ਕੀਤੀ ਹੈ। ਪਹਿਲੇ ਗੇੜ ਵਿੱਚ 129 ਸੜਕ ਸੁਰੱਖਿਆ ਵਾਹਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਗਏ ਹਨ, ਜੋ ਕਿ ਹਰ 30 ਕਿਲੋਮੀਟਰ ਉੱਤੇ ਤੈਨਾਤ ਹੋਣਗੇ ਅਤੇ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨਗੇ। ਐਂਟੀ ਕਰਪਸ਼ਨ ਹੈਲਪ ਲਾਈਨ ਨੰਬਰ ਵਾਂਗ ਟਰੈਫਿਕ ਹਾਕਸ ਐਪ ਰਾਹੀਂ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਜਾਂ ਫਿਰ ਵੀਡੀਓ ਐਪ ਉੱਤੇ ਅਪਲੋਡ ਕਰਨ ਦੇ ਨਾਲ ਟ੍ਰੈਫਿਕ ਪੁਲਿਸ ਉਸ ਉੱਤੇ ਕਾਰਵਾਈ ਕਰੇਗੀ।
ਪੰਜਾਬ ਵਿੱਚ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਫੈਸਲਾ:- ਪੰਜਾਬ ਦੇ ਵਿੱਚ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ ਅਤੇ ਮੋਹਾਲੀ ਵਿਸ਼ੇਸ਼ ਤੌਰ ਤੇ ਟ੍ਰੈਫਿਕ ਪੁਲਿਸ ਵੱਲੋਂ ਕੈਮਰੇ ਲਗਾਏ ਜਾ ਰਹੇ ਹਨ, ਜਿਸ ਨਾਲ ਈ ਚਲਾਨ ਦੀ ਵਿਵਸਥਾ ਹੋਵੇਗੀ। ਰੈਡ ਲਾਈਟ ਪਾਰ ਕਰਨ ਵਾਲੇ, ਤੇਜ਼ ਰਫਤਾਰ ਵਾਲੇ ਤੇ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਧਾਰ ਉਹਨਾਂ ਦੀ ਰਿਹਾਇਸ਼ ਉੱਤੇ ਚਲਾਨ ਪਹੁੰਚ ਜਾਵੇਗਾ।
ਈ ਚਲਾਨ ਦੀ ਵਿਵਸਥਾ: ਹਾਲਾਂਕਿ ਪੰਜਾਬ ਦੇ ਵਿੱਚ ਈ ਚਲਾਨ ਦੀ ਵਿਵਸਥਾ ਪਹਿਲਾ ਹੀ ਸ਼ੁਰੂ ਕਰ ਦਿੱਤੀ ਗਈ ਸੀ, ਪੰਜਾਬ ਦੇ ਵੱਡੇ ਸ਼ਹਿਰਾਂ ਦੇ ਅੰਦਰ 15 ਨਵੰਬਰ 2020 ਵਿੱਚ ਕੈਮਰਿਆਂ ਰਾਹੀਂ ਚਲਾਨ ਭੇਜਣ ਦੀ ਕਵਾਇਦ ਸ਼ੁਰੂ ਹੋ ਗਈ ਸੀ। ਲੁਧਿਆਣਾ ਦੇ ਵਿੱਚ ਵੀ 15 ਨਵੰਬਰ ਨੂੰ ਇਸ ਦੀ ਸ਼ੁਰੂਆਤ ਹੋਈ ਸੀ, ਜਿਸ ਦੇ ਤਹਿਤ 2.5 ਮਹੀਨੇ ਵਿੱਚ ਲੁਧਿਆਣਾ ਪੁਲਿਸ ਨੇ ਈ ਚਲਾਨ ਵਿਵਸਥਾ ਰਾਹੀਂ 6400 ਚਲਾਨ ਲੋਕਾਂ ਦੇ ਘਰ ਭੇਜੇ।
ਜਿਨ੍ਹਾਂ ਨਾਲ ਸੂਬਾ ਸਰਕਾਰ ਨੂੰ 32 ਲੱਖ ਰੁਪਏ ਦਾ ਮਾਲਿਆ ਇਕੱਤਰ ਹੋਇਆ, ਰੋਜ਼ਾਨਾ 81 ਚਲਾਨ ਕੱਟੇ ਜਾਂਦੇ ਸਨ, ਪਰ ਤਕਨੀਕ ਜਲਦ ਹੀ ਖ਼ਰਾਬ ਹੋ ਗਈ ਅਤੇ ਕੈਮਰੇ ਚੱਲਣੇ ਬੰਦ ਹੋ ਗਏ। ਲੁਧਿਆਣਾ ਦੇ ਭਾਰਤ ਨਗਰ ਚੌਂਕ, ਮਾਲ ਰੋਡ, ਫੁੱਲਾਂਵਾਲ ਚੌਂਕ, ਮਲਹਾਰ ਰੋਡ, ਫਿਰੋਜ਼ਪੁਰ ਰੋਡ ਆਦਿ ਇਲਾਕਿਆਂ ਵਿੱਚ ਇਹ ਕੈਮਰੇ ਲਗਾਏ ਗਏ ਸਨ, ਪਰ ਇਸ ਨੂੰ ਟਰੈਫਿਕ ਪੁਲਿਸ ਲੁਧਿਆਣਾ ਸਹੀ ਢੰਗ ਨਾਲ ਪ੍ਰਬੰਧ ਨਹੀਂ ਕਰ ਸਕੀ।
ਪੁਰਾਣੀ ਬੋਤਲ 'ਚ ਨਵੀਂ ਸ਼ਰਾਬ ਦਾ ਨਾਂਅ: ਪੰਜਾਬ ਸਰਕਾਰ ਵੱਲੋਂ ਮੁੜ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਸਲਾਨਾਂ ਲੋਕ ਸੜਕ ਹਾਦਸਿਆਂ 'ਚ ਅਜਾਈਂ ਜਾਨਾਂ ਗਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਉੱਤੇ ਠੱਪ ਪਾਉਣ ਦੇ ਲਈ ਅਸੀਂ ਇਕ ਵੱਖਰੀ ਫੋਰਸ ਤਿਆਰ ਕਰਨ ਜਾ ਰਹੇ ਹਨ, ਜਿਨ੍ਹਾਂ ਦੀਆਂ ਵਰਦੀਆਂ ਤਿਆਰ ਹੋ ਰਹੀਆਂ ਹਨ। ਦੂਜੇ ਪਾਸੇ ਕੌਂਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਰਹੇ, ਕਮਲਜੀਤ ਸਿੰਘ ਸੋਹੀ ਨੇ ਸਰਕਾਰ ਦੇ ਇਸ ਫੈਸਲੇ ਨੂੰ ਪੁਰਾਣੀ ਬੋਤਲ 'ਚ ਨਵੀਂ ਸ਼ਰਾਬ ਦਾ ਨਾਂਅ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਮੌਤ ਦਰ 76 ਫ਼ੀਸਦੀ ਹੈ, ਭਾਵ ਕਿ ਜੇਕਰ 100 ਸੜਕ ਹਾਦਸੇ ਹੁੰਦੇ ਹਨ ਤਾਂ 76 ਲੋਕ ਆਪਣੀ ਜਾਨ ਗਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ ਉੱਤੇ ਕੰਮ ਨਹੀਂ ਹੁੰਦੇ, ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਨਾ ਤਾਂ ਇਨ੍ਹੀਂ ਫੋਰਸ ਹੈ ਕਿ ਇਹ ਸਭ ਪ੍ਰਬੰਧ ਕਰ ਲੈਣ ਅਤੇ ਨਾ ਹੀ ਤਕਨੀਕ ਨੂੰ ਵਰਤਣ ਵਾਲਾ ਸਟਾਫ਼ ਹੈ।