ਖੰਨਾ/ਲੁਧਿਆਣਾ: ਅਧਿਆਪਿਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਸ ਵਿੱਚ ਖੰਨਾ ਦੇ ਇਕ ਸਕੂਲ ਦੇ ਵੀ ਦੋ ਅਧਿਆਪਿਕ ਸ਼ਾਮਲ ਹਨ। ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 8 ਦੀ ਅਧਿਆਪਕਾ ਰਛਪਾਲ ਕੌਰ ਨੂੰ ਇਸ ਕਰਕੇ ਐਵਾਰਡ (State Teacher's Award) ਮਿਲਿਆ ਕਿ ਇਨ੍ਹਾਂ ਨੇ ਪਿਛਲੇ 14 ਸਾਲਾਂ ਦਰਮਿਆਨ ਅਜਿਹੇ ਕੰਮ ਕੀਤੇ ਕਿ ਸਰਕਾਰੀ ਸਕੂਲ ਅੰਦਰ ਸਪੈਸ਼ਲ ਬੱਚਿਆਂ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਦੂਜੇ ਬੱਚਿਆਂ ਨਾਲੋਂ ਕਿਸੇ ਗੱਲੋਂ ਘੱਟ ਹਨ। ਸ਼ਪੈਸ਼ਲ ਬੱਚਿਆਂ ਅੰਦਰ ਕਲਾ ਨਿਖਾਰੀ ਗਈ। ਉਨ੍ਹਾਂ ਨੂੰ ਵੱਖ ਵੱਖ ਮੰਚ ਪ੍ਰਦਾਨ ਕੀਤੇ ਗਏ। ਇਸ ਦੀ ਬਦੌਲਤ ਇਹ ਸਪੈਸ਼ਲ ਬੱਚੇ ਅੱਜ ਵਧੀਆ ਮੁਕਾਮ ਹਾਸਿਲ ਕਰ ਰਹੇ ਹਨ।
ਮਾਂਪਿਓ ਨੂੰ ਵੀ ਸਪੈਸ਼ਲ ਬੱਚਿਆਂ ਨੂੰ ਸਮਝਣ ਦੀ ਲੋੜ: ਰਛਪਾਲ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਘਰਾਂ ਅੰਦਰ ਬੈਠੇ ਸ਼ਪੈਸ਼ਲ ਬੱਚਿਆਂ ਨੂੰ ਵੀ ਸਕੂਲ ਲਿਆ ਕੇ ਉਨ੍ਹਾਂ ਦੀ ਕਲਾ ਨਿਖਾਰੀ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇ ਯੋਗ ਬਣਾਇਆ ਜਾਵੇ। ਇਸ ਦੇ ਨਾਲ ਹੀ, ਰਛਪਾਲ ਕੌਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਮਾਪੇ ਇਹ ਸੋਚ ਲੈਂਦੇ ਹਨ ਕਿ ਉਨ੍ਹਾਂ ਦੇ ਬੱਚੇ ਸ਼ਪੈਸ਼ਲ ਸ਼੍ਰੇਣੀ ਦੇ ਹੋਣ ਕਰਕੇ ਦੂਜੇ ਬੱਚਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਮਾਪੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ। ਇਹ ਮਾਪਿਆਂ ਦੀ ਵੱਡੀ ਗ਼ਲਤੀ ਹੈ। ਮਾਪਿਆਂ ਨੂੰ ਬੱਚਿਆਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ।
ਵਿਦਿਆਰਥੀਆਂ ਨੂੰ ਚੰਗੀ ਸੇਧ ਦੇਣਾ ਸਾਡਾ ਕੰਮ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੁਮੱਦੀ ਵਿਖੇ ਸਟੇਟ ਐਵਾਰਡ ਲੈ ਕੇ ਆਏ ਸਕੂਲ ਮੁਖੀ ਜਗਰੂਪ ਸਿੰਘ ਨੇ ਕਿਹਾ ਕਿ ਉਹ 14 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਅਧਿਆਪਕ ਦਾ ਕੰਮ ਹੁੰਦਾ ਕਿ ਵਿਦਿਆਰਥੀਆਂ ਨੂੰ ਚੰਗੀ ਸੇਧ ਦੇਣਾ। ਇਸ ਪ੍ਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਨੇ ਜੋ ਮਾਣ ਦਿੱਤਾ, ਉਸ ਨਾਲ ਜਿੰਮੇਵਾਰੀ ਹੋਰ ਵਧ ਗਈ ਹੈ। ਉਹ ਕੋਸ਼ਿਸ਼ ਕਰਨਗੇ ਕਿ ਸਰਕਾਰ ਦੀਆਂ ਉਮੀਦਾਂ ਉਪਰ ਖਰਾ ਉਤਰਦੇ ਰਹਿਣ। ਉਨ੍ਹਾਂ ਨੇ ਸਰਕਾਰ ਦਾ ਵੀ ਸ਼ੁਕਰਗੁਜ਼ਾਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਅਜਿਹਾ ਮਾਣ ਮਿਲਣ ਉੱਤੇ ਅਪਣੀ ਜ਼ਿੰਮੇਵਾਰੀ ਹੋਰ ਚੰਗੀ ਤਰ੍ਹਾਂ ਨਿਭਾਉਣ ਲਈ ਉਤਸ਼ਾਹ ਪੈਦਾ ਹੁੰਦਾ ਹੈ। ਇਸ ਨਾਲ ਹੋਰਨਾਂ ਨੂੰ ਵੀ ਸੇਧ ਮਿਲਦੀ ਹੈ।