ਲੁਧਿਆਣਾ: 28 ਜਨਵਰੀ ਦੇ ਦਿਨ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ ਦਿਵਸ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਪੂਰੇ ਦੇਸ਼ ਵਿਚ ਸ਼ਹੀਦ ਲਾਲਾ ਲਾਜਪਤ ਰਾਏ ਨੂੰ ਯਾਦ ਕੀਤਾ ਜਾ ਰਿਹਾ ਹੈ। ਕਿਉਂਕਿ ਦੇਸ਼ ਦੀ ਆਜ਼ਾਦੀ ਘੁਲਾਟੀਆਂ ਦੇ ਵਿਚ ਲਾਲਾ ਲਾਜਪਤ ਰਾਏ ਦਾ ਨਾਂ ਸਭ ਤੋਂ ਵੱਧ ਚੜ੍ਹ ਕੇ ਆਉਂਦਾ ਹੈ। ਉਹ ਗਰਮ ਦਲ ਦੇ ਆਗੂ ਸਨ ਅਤੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਭਾਰਤ ਵਿੱਚੋਂ ਪੁੱਟਣ ਦੇ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ।
ਸ਼ਹੀਦ ਲਾਲਾ ਲਾਜਪਤ ਰਾਏ ਜੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਨੇ ਆਪਣਾ ਜੀਵਨ ਬਤੀਤ ਕਿੱਥੇ ਕੀਤਾ, ਉਹ ਕਿੱਥੇ ਰਹਿੰਦੇ ਸਨ ਅਤੇ ਪਰਿਵਾਰ ਵਿਚ ਕੌਣ-ਕੌਣ ਸਨ। ਇਸ ਦਾ ਪੂਰਾ ਜਾਇਜ਼ਾ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਜਗਰਾਓ ਵਿੱਚ ਉਨ੍ਹਾਂ ਦੇ ਜੱਦੀ ਘਰ ਜਾ ਕੇ ਲਿਆ ਗਿਆ। ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਦੇ ਦੌਰਾਨ ਲਾਲਾ ਲਾਜਪਤ ਰਾਏ ਅੰਗਰੇਜ਼ੀ ਸਿਪਾਹੀਆਂ ਦੀ ਲਾਠੀ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਹੁਣ ਸ਼ਹੀਦ ਹੋ ਗਏ। ਪਰ ਅੱਜ ਵੀ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਸ ਕਰਕੇ ਅਸੀਂ ਆਜ਼ਾਦ ਭਾਰਤ ਦੇ ਵਿੱਚ ਸਾਹ ਲੈਣ ਲਈ ਕਾਮਯਾਬ ਹੋ ਸਕੇ ਹਨ।
ਮੁੱਢਲਾ ਜੀਵਨ: ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਵਿੱਚ ਹੋਇਆ ਸੀ। ਉਨ੍ਹਾ ਦਾ ਜਨਮ ਆਪਣੇ ਨਾਨਕੇ ਪਿੰਡ ਢੁੱਡੀਕੇ ਵਿੱਚ ਹੋਇਆ। ਪਰ ਉਨ੍ਹਾਂ ਦਾ ਬਚਪਨ, ਮੁੱਢਲੀ ਪੜਾਈ, ਅਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਲੁਧਿਆਣਾ ਦੇ ਜਗਰਾਉ ਤੋਂ ਹੀ ਸ਼ੁਰੂ ਕੀਤੀ ਗਈ ਸੀ, ਜਿੱਥੇ ਉਨ੍ਹਾਂ ਦਾ ਜੱਦੀ ਘਰ ਹੈ। ਲਾਲਾ ਲਾਜਪਤ ਜੀ ਅਗਰਵਾਲ ਸਮਾਜ ਤੋਂ ਸੰਬੰਧਿਤ ਸਨ, ਉਨ੍ਹਾਂ ਦੇ ਪਿਤਾ ਮੁਨਸ਼ੀ ਰਾਧਾ ਕ੍ਰਿਸ਼ਨ ਆਜ਼ਾਦ ਫ਼ਾਰਸੀ ਅਤੇ ਉਰਦੂ ਦੇ ਮਹਾਨ ਵਿਦਵਾਨ ਸਨ ਅਤੇ ਮਾਤਾ ਗੁਲਾਬ ਦੇਵੀ ਇੱਕ ਧਾਰਮਿਕ ਮਹਿਲਾ ਸੀ। ਸ਼ੁਰੂ ਤੋਂ ਹੀ ਲਾਲਾ ਲਾਜਪਤ ਰਾਏ ਲਿਖਣ ਅਤੇ ਬੋਲਣ ਵਿਚ ਬਹੁਤ ਦਿਲਚਸਪੀ ਲੈਂਦੇ ਸੀ। ਲਾਲਾ ਲਾਜਪਤ ਰਾਏ ਜੀ ਨੇ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ, ਲਾਲਾ ਲਾਜਪਤ ਰਾਏ ਨੂੰ ਸ਼ੇਰ-ਏ-ਪੰਜਾਬ ਦਾ ਸਨਮਾਨ ਦੇਣ ਕਰਕੇ ਲੋਕ ਉਨ੍ਹਾਂ ਨੂੰ ਗਰਮ ਦਲ ਦਾ ਆਗੂ ਮੰਨਦੇ ਸਨ। ਲਾਲਾ ਲਾਜਪਤ ਰਾਏ ਆਤਮ ਨਿਰਭਰਤਾ ਰਾਹੀਂ ਸਵਰਾਜ ਲਿਆਉਣਾ ਚਾਹੁੰਦੇ ਸਨ।
ਜਗਰਾਓ ਵਿੱਚ ਜੱਦੀ ਘਰ: ਲਾਲਾ ਲਾਜਪਤ ਰਾਏ ਦਾ ਅੱਜ ਵੀ ਜੱਦੀ ਘਰ ਜਗਰਾਓ ਦੇ ਵਿੱਚ ਸਥਿਤ ਹੈ, ਹਾਲਾਂਕਿ ਉਨ੍ਹਾਂ ਦਾ ਜੱਦੀ ਘਰ ਪਹਿਲਾਂ ਕਾਫ਼ੀ ਖ਼ਸਤਾ ਹਾਲ ਵਿੱਚ ਸੀ। ਪਰ ਅਗਰਵਾਲ ਸਮਾਜ ਦੇ ਯਤਨਾਂ ਤੋਂ ਬਾਅਦ ਉਹਨਾਂ ਦੇ ਘਰ ਦੀ ਸਾਂਭ-ਸੰਭਾਲ ਕੀਤੀ ਗਈ ਹੈ ਅਤੇ ਲਾਲਾ ਲਾਜਪਤ ਰਾਏ ਜੀ ਦੇ ਨਾਂ ਤੇ ਇੱਕ ਲਾਇਬ੍ਰੇਰੀ ਵੀ ਉਨ੍ਹਾਂ ਦੇ ਘਰ ਦੇ ਨੇੜੇ ਉਸਾਰੀ ਗਈ ਹੈ। ਲਾਲਾ ਲਾਜਪਤ ਰਾਏ ਦੇ ਘਰ ਦੇ ਵਿੱਚ ਪੁਰਾਤਨ ਵਸਤਾਂ, ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਰਤੇ ਜਾਣ ਵਾਲੇ ਭਾਂਡੇ, ਲਾਲਾ ਲਾਜਪਤ ਰਾਏ ਦਾ ਪਲੰਘ, ਲਾਲਾ ਲਾਜਪਤ ਜੀ ਦੀ ਖੂੰਡੀ, ਉਹਨਾਂ ਦੀ ਕੁਰਸੀ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਅੱਜ ਵੀ ਕਾਫੀ ਵੇਖਣ ਨੂੰ ਮਿਲਦੀ ਹੈ ਆਦਿ ਕਾਫ਼ੀ ਸਾਂਭ-ਸੰਭਾਲ ਕੇ ਰੱਖਿਆ ਗਿਆ ਹੈ।
ਅਗਰਵਾਲ ਸਮਾਜ ਨੇ ਲਾਲਾ ਲਾਜਪਤ ਰਾਏ ਜੀ ਬਾਰੇ ਗੁਪਤ ਗੱਲਾਂ ਦੱਸੀਆਂ:- ਇਸ ਬਾਰੇ ਗੱਲਬਾਤ ਕਰਦਿਆ ਅਗਰਵਾਲ ਸਮਾਜ ਦੇ ਕਮਲਦੀਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫੀ ਜਦੋਂ ਜਾਹਿਦ ਦੇ ਬਾਅਦ ਇਸ ਘਰ ਦੇ ਹਾਲਾਤਾਂ ਨੂੰ ਸੁਧਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਹਰ ਸਾਲ ਉਨ੍ਹਾਂ ਦੇ ਜਨਮ ਦਿਵਸ ਮੌਕੇ ਅਤੇ ਬਰਸੀ ਮੌਕੇ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਨੇ ਸਾਡੀ ਟੀਮ ਦੇ ਨਾਲ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੇ ਪੂਰੇ ਦਰਸ਼ਨ ਵੀ ਕਰਵਾਏ ਅਤੇ ਵਿਖਾਇਆ ਕਿ ਕਿੱਥੇ ਉਹ ਸੌਂਦੇ ਸਨ। ਕਿੱਥੇ ਬੈਠਦੇ ਸਨ ਇੱਥੋਂ ਤੱਕ ਕਿ ਚੁਬਾਰੇ ਦੇ ਵਿੱਚ ਉਹਨਾਂ ਦੇ ਲਿਖਣ ਵਾਲੀ ਇੱਕ ਥਾਂ ਵੀ ਕਮਲਦੀਪ ਨੇ ਸਾਨੂੰ ਦਿਖਾਈ। ਇਸ ਤੋਂ ਇਲਾਵਾ ਕਮਲਦੀਪ ਨੇ ਸਾਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਜ਼ਾਦੀ ਘੁਲਾਟੀਏ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਗੁਪਤ ਮੀਟਿੰਗਾਂ ਕਰਿਆ ਕਰਦੇ ਸਨ।
ਲਾਲ, ਬਾਲ, ਪਾਲ ਤਿੱਕੜੀ: ਸ਼ਹੀਦ ਲਾਲਾ ਲਾਜਪਤ ਰਾਏ ਜੀ ਨੇ 1897 ਅਤੇ 1899 ਦੌਰਾਨ ਦੇਸ਼ ਵਿੱਚ ਅਕਾਲ ਪਿਆ ਤਾਂ ਪੀੜਤਾਂ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ। ਦੇਸ਼ ਵਿੱਚ ਆਏ ਭੁਚਾਲ ਅਤੇ ਅਕਾਲ ਦੌਰਾਨ ਅੰਗਰੇਜ਼ ਸਰਕਾਰ ਨੇ ਕੁੱਝ ਨਹੀਂ ਕੀਤਾ। ਲਾਲਾ ਜੀ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਕਈ ਥਾਈਂ ਅਕਾਲ ਦੇ ਦੌਰਾਨ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕੀਤੀ। ਇਸ ਤੋਂ ਬਾਅਦ ਜਦੋਂ 1905 ਵਿਚ ਬੰਗਾਲ ਦੀ ਵੰਡ ਹੋਈ ਤਾਂ ਲਾਲਾ ਲਾਜਪਤ ਰਾਏ ਨੇ ਸੁਰੇਂਦਰਨਾਥ ਬੈਨਰਜੀ ਅਤੇ ਵਿਪਨਚੰਦਰ ਪਾਲ ਵਰਗੇ ਅੰਦੋਲਨਕਾਰੀਆਂ ਨਾਲ ਹੱਥ ਮਿਲਾਇਆ ਅਤੇ ਇਸ ਤਿਕੜੀ ਨੇ ਬ੍ਰਿਟਿਸ਼ ਸ਼ਾਸਨ ਨੂੰ ਹੇਠਾਂ ਲਿਆਂਦਾ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਲਾਲ ਬਾਲ ਅਤੇ ਪਾਲ ਦਾ ਨਾਂਅ ਦੇ ਕੇ ਤਿਕੜੀ ਕਿਹਾ ਗਿਆ। ਜਿਨ੍ਹਾਂ ਵੱਲੋਂ ਅੰਗਰੇਜ਼ੀ ਹਕੂਮਤ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਗਿਆ।
ਸਾਈਮਨ ਕਮਿਸ਼ਨ ਦਾ ਵਿਰੋਧ: 3 ਫਰਵਰੀ 1928 ਨੂੰ ਜਦੋਂ ਸਾਈਮਨ ਕਮਿਸ਼ਨ ਭਾਰਤ ਪਹੁੰਚਿਆ ਤਾਂ ਸ਼ਹੀਦ ਲਾਲਾ ਲਾਜਪਤ ਰਾਏ ਜੀ ਵੀ ਇਸ ਦੇ ਸ਼ੁਰੂਆਤੀ ਵਿਰੋਧੀਆਂ ਨਾਲ ਰਲ ਗਏ ਅਤੇ ਇਸ ਕਮਿਸ਼ਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਈਮਨ ਕਮਿਸ਼ਨ ਭਾਰਤ ਵਿੱਚ ਸੰਵਿਧਾਨਕ ਸੁਧਾਰਾਂ ਦੀ ਸਮੀਖਿਆ ਅਤੇ ਰਿਪੋਰਟ ਤਿਆਰ ਕਰਨ ਲਈ ਬਣਾਈ ਗਈ 7 ਮੈਂਬਰਾਂ ਦੀ ਇੱਕ ਕਮੇਟੀ ਸੀ। ਇਹ ਸਾਰੇ ਅੰਗਰੇਜ਼ਾਂ ਦੀ ਨੀਅਤ ਦੇ ਆਧਾਰ ’ਤੇ ਭਾਰਤ ਵਿੱਚ ਸੰਵਿਧਾਨਕ ਢਾਂਚਾ ਤਿਆਰ ਕਰਨ ਲਈ ਭਾਰਤ ਆਏ ਸਨ। ਜਿਸ ਦਾ ਪੂਰੇ ਦੇਸ਼ 'ਚ ਜ਼ਬਰਦਸਤ ਰੋਸ ਦੇਖਣ ਨੂੰ ਮਿਲਿਆ।
ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕ੍ਰਾਂਤੀਕਾਰੀਆਂ ਨੇ 30 ਅਕਤੂਬਰ 1928 ਨੂੰ ਲਾਹੌਰ ਵਿਚ ਰੋਸ ਮੁਜ਼ਾਹਰਾ ਕੀਤਾ ਸੀ। ਜਿਸ ਦੀ ਅਗਵਾਈ ਲਾਲਾ ਜੀ ਕਰ ਰਹੇ ਸਨ। ਇਸ ਪ੍ਰਦਰਸ਼ਨ ਵਿੱਚ ਇਕੱਠੀ ਹੋਈ ਭੀੜ ਨੂੰ ਦੇਖ ਕੇ ਅੰਗਰੇਜ਼ ਘਬਰਾ ਗਏ। ਇਸ ਪ੍ਰਦਰਸ਼ਨ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਲਾਲਾ ਜੀ ਅਤੇ ਉਨ੍ਹਾਂ ਦੀ ਟੀਮ 'ਤੇ ਲਾਠੀਚਾਰਜ ਕੀਤਾ। ਜਿਸ ਵਿੱਚ ਸ਼ਾਮਲ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਲਾਲਾ ਲਾਜਪਤ ਰਾਏ ਅੰਗਰੇਜ਼ਾਂ ਦੀ ਇਸ ਲਾਠੀ ਤੋਂ ਨਹੀਂ ਡਰੇ ਅਤੇ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ। ਇਸ ਲਾਠੀਚਾਰਜ 'ਚ ਸ਼ਹੀਦ ਲਾਲਾ ਲਾਜਪਤ ਰਾਏ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ ਆਖਰਕਾਰ 17 ਨਵੰਬਰ 1928 ਨੂੰ ਇਸ ਨਾਇਕ ਨੇ ਹਮੇਸ਼ਾ ਲਈ ਅੱਖਾਂ ਬੰਦ ਕਰ ਲਈਆਂ।
ਇਹ ਵੀ ਪੜੋ:- Lala Lajpat Rai Jayanti 2023: ਲਾਲਾ ਲਾਜਪਤ ਰਾਏ ਨੂੰ ਇਸ ਲਈ ਕਿਹਾ ਜਾਂਦਾ ਹੈ ਪੰਜਾਬ ਦਾ ਸ਼ੇਰ