ਲੁਧਿਆਣਾ: ਪੰਜਾਬ ਵਿੱਚ ਝੋਨਾ ਮੰਡੀਆਂ ਵਿੱਚ ਪਹੁੰਚ ਗਿਆ ਹੈ ਤੇ ਖੇਤਾਂ ਵਿੱਚ ਫਸਲ ਦਾ ਸਫਾਇਆ ਹੋ ਗਿਆ ਹੈ। ਹੁਣ ਪੰਜਾਬ ਦੇ ਕਿਸਾਨਾਂ ਦੇ ਵਿੱਚ ਖੜ੍ਹੀ ਪਰਾਲੀ ਹੁਣ ਇੱਕ ਵੱਡੀ ਚੁਣੌਤੀ ਬਣ ਗਈ ਹੈ। ਪਰਾਲੀ ਸਾੜਣ ਨੂੰ ਲੈ ਕੇ ਪੀ.ਆਰ.ਐੱਸ.ਸੀ ਦੇ ਸੀਨੀਅਰ ਵਿਗਿਆਨੀ ਡਾ. ਅਨਿਲ ਸੂਦ ਨੇ ਦਸਿਆ ਕਿ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਵਿੱਚ 21 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਪਰਾਲੀ ਸਾੜਣ ਦੇ ਕੁੱਲ 2873 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਮੌਸਮ ਖੁਸ਼ਕ ਰਹਿਣ ਕਰਕੇ ਪਰਾਲੀ ਫੂਕਣ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਡਾ. ਅਨਿਲ ਸੂਦ ਨੇ ਦੱਸਿਆ ਕਿ ਹੁਣ ਤੱਕ ਪਰਾਲੀ ਸਾੜਣ ਦੇ ਕੁੱਲ ਮਾਮਲਿਆਂ ਵਿੱਚੋਂ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਦੇ ਵਿੱਚੋਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ 1111 ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਤਰਨ ਤਾਰਨ ਵਿੱਚ 665, ਪਟਿਆਲਾ ਵਿੱਚ 251, ਗੁਰਦਾਸਪੁਰ ਵਿੱਚ 166 ਅਤੇ ਫਿਰੋਜ਼ਪੁਰ ਵਿੱਚ 115, ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਣ ਦੇ ਮਾਮਲੇ ਘੱਟ ਸਾਹਮਣੇ ਆਏ ਹਨ।
ਸੂਦ ਨੇ ਦੱਸਿਆ ਕਿ ਇਸ ਵਾਰ ਮੌਸਮ ਖੁਸ਼ਕ ਰਹਿਣ ਕਰਕੇ ਵੀ ਜ਼ਿਆਦਾ ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਇਸ ਕਰਕੇ ਵੀ ਵੱਧ ਆਉਂਦੇ ਹਨ ਕਿਉਂਕਿ ਉੱਥੇ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਤੰਬਰ ਮਹੀਨੇ ਵਿੱਚ ਹੀ ਉਨ੍ਹਾਂ ਵੱਲੋਂ ਝੋਨੇ ਨੂੰ ਮੰਡੀਆਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਖੇਤਾਂ ਨੂੰ ਜਲਦ ਵਿਹਲਾ ਕਰਨ ਲਈ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਜੇਕਰ ਪ੍ਰਦੂਸ਼ਣ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਮਾਤਰਾ ਕਾਫੀ ਘੱਟ ਹੈ ਕਿਉਂਕਿ ਫਿਲਹਾਲ ਪਰਾਲੀ ਫੂਕਣ ਦੇ ਸ਼ੁਰੂਆਤੀ ਮਾਮਲੇ ਹੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਪਰਾਲੀ ਸਾੜਣ ਦੇ ਮਾਮਲੇ ਘੱਟ ਜਾਣਗੇ ਪਰ ਜੇਕਰ ਮਾਮਲੇ ਵਧਦੇ ਹਨ ਤਾਂ ਜਿਵੇਂ ਜਿਵੇਂ ਠੰਢ ਵਧੇਗੀ ਉਵੇਂ ਹੀ ਪ੍ਰਦੂਸ਼ਣ ਦਾ ਪੱਧਰ ਵੀ ਵਧੇਗਾ।