ਲੁਧਿਆਣਾ: ਪੰਜਾਬ 'ਚ ਕਣਕ ਦੀ ਖਰੀਦ ਲਗਾਤਾਰ ਜਾਰੀ ਹੈ ਅਤੇ ਬੀਤੇ ਦਿਨੀਂ ਮੰਡੀਆਂ 'ਚ ਖਰੀਦ ਨੂੰ ਲੈ ਕੇ ਕੁਝ ਸਮੱਸਿਆਵਾਂ ਕਿਸਾਨਾਂ ਨੂੰ ਜ਼ਰੂਰ ਆਈਆਂ ਸਨ। ਜਿਸ ਨੂੰ ਲੈ ਕੇ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਹੁਣ ਮੰਡੀਆਂ 'ਚ ਖਰੀਦ ਨਿਰੰਤਰ ਚੱਲ ਰਹੀ ਹੈ ਅਤੇ 54 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ 'ਚ ਆਈ ਸੀ ਅਤੇ ਹੁਣ ਤੱਕ 50 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਜਿਸ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਆ ਰਹੀ ਹੈ।
ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਮੰਡੀਆਂ 'ਚ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜੋ ਸਮੱਸਿਆਵਾਂ ਆ ਰਹੀਆਂ ਸਨ, ਉਸ ਨੂੰ ਹੌਲੀ ਹੌਲੀ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਦਾਨਾ ਵੀ ਮੰਡੀਆਂ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਿਫਟਿੰਗ ਦੀ ਜੋ ਸਮੱਸਿਆ ਆ ਰਹੀ ਸੀ, ਉਹ ਵੀ ਹੱਲ ਹੋ ਰਹੀ ਹੈ। ਉਨ੍ਹਾਂ ਕਿਹਾ ਹੁਣ ਤਕ 20 ਲੱਖ ਮੀਟ੍ਰਿਕ ਟਨ ਦੇ ਕਰੀਬ ਫਸਲ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਜਲਦ ਹੀ ਬਾਕੀ ਫਸਲ ਦੀ ਲਿਫਟਿੰਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਵਾਰ ਅਦਾਇਗੀ ਨੂੰ ਲੈ ਕੇ ਨਵਾਂ ਸਿਸਟਮ ਹੋਣ ਕਾਰਨ ਕੁੱਝ ਦੇਰੀ ਜ਼ਰੂਰ ਹੋਈ ਹੈ, ਪਰ ਉਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮੰਡੀਆਂ 'ਚੋਂ ਇੱਕ-ਇੱਕ ਦਾਣਾ ਕਿਸਾਨਾਂ ਦੀ ਮਿਹਨਤ ਦਾ ਚੁੱਕਿਆ ਜਾਵੇਗਾ ਅਤੇ ਉਸ ਦਾ ਮੁੱਲ ਕਿਸਾਨਾਂ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਮਾਮਲੇ ਨੂੰ ਮੁਲਤਵੀ ਕਰਨ ਲਈ ਕੀਤੀ ਅਪੀਲ