ਲੁਧਿਆਣਾ : ਸਿਮਰਜੀਤ ਬੈਂਸ ਨੂੰ ਜ਼ਬਰ ਜਨਾਹ ਦੇ ਮਾਮਲੇ ਸਣੇ ਕੁੱਲ 16 ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਸਿਮਰਜੀਤ ਸਿੰਘ ਬੈਂਸ ਦੇ ਸਵਾਗਤ ਲਈ ਬਰਨਾਲਾ ਜੇਲ੍ਹ ਦੇ ਬਾਹਰ ਉਹਨਾਂ ਦੇ ਵੱਡੀ ਗਿਣਤੀ ਵਿੱਚ ਸਮਰੱਥਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਲੁਧਿਆਣਾ ਪਹੁੰਚਣ ਉੱਤੇ ਲੋਕਾਂ ਨੇ ਬੈਂਡ ਵਾਜਿਆ ਦੇ ਨਾਲ ਸ਼ਾਨਦਾਰ ਸੁਆਗਤ ਕੀਤਾ। ਇਸ ਮੌਕੇ ਬੈਂਸ ਨੇ ਜਿੱਥੇ ਪਰਮਾਤਮਾ ਦਾ ਸ਼ੁਕਰੀਆ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਮੇਰੇ ਉੱਪਰ ਸਾਰੇ ਮੁਕੱਦਮੇ ਸਿਆਸੀ ਰੰਜਿਸ਼ ਤਹਿਤ ਦਰਜ਼ ਕੀਤੇ ਗਏ ਹਨ। ਹਾਈਕੋਰਟ ਨੇ ਉਹਨਾਂ ਦੀ ਸੱਚਾਈ ਨੂੰ ਦੇਖਦਿਆਂ ਜ਼ਮਾਨਤ ਦਿੱਤੀ ਹੈ। ਬੈਂਸ ਨੇ ਆਖਰੀ ਸਾਹ ਤੱਕ ਭ੍ਰਿਸ਼ਟਾਚਾਰ ਖਤਮ ਤੱਕ ਅਤੇ ਪੰਜਾਬ ਦੇ ਹੱਕਾਂ ਲਈ ਲੜਨ ਦਾ ਦਾਅਵਾ ਕੀਤਾ।
ਕੀ ਸੀ ਮਾਮਲਾ : ਸਿਮਰਜੀਤ ਬੈਂਸ ਉੱਤੇ 40 ਸਾਲ ਦੀ ਮਹਿਲਾ ਵੱਲੋਂ ਸਾਲ 2020 ਵਿੱਚ ਜ਼ਬਰ-ਜਨਾਹ ਦੇ ਇਲਜ਼ਾਮ ਲਾਏ ਗਏ ਸਨ। ਸਿਰਫ ਬੈਂਸ ਹੀ ਨਹੀਂ ਇਸ ਵਿੱਚ ਉਸ ਨੇ ਬੈਂਸ ਦੇ ਭਰਾ, ਪੀਏ ਅਤੇ ਇਲਾਕੇ ਵਿੱਚ ਰਹਿੰਦੀ ਇਕ ਮਹਿਲਾ ਉੱਤੇ ਵੀ ਇਸ ਸਬੰਧੀ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਇੱਕ ਸਾਲ ਤੱਕ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਉਤੇ ਬੈਠੀ ਰਹੀ ਅਤੇ ਆਖ਼ਰਕਾਰ 10 ਜੁਲਾਈ 2021 ਵਿੱਚ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਦੇ ਵਿਚ ਬੈਂਸ ਸਣੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਮਗਰੋਂ ਬੈਂਸ ਨੇ ਪੁਲਿਸ ਕੋਲ ਸਰੰਡਰ ਕਰਕੇ ਖੁੱਦ ਗ੍ਰਿਫ਼ਤਾਰੀ ਵੀ ਦਿੱਤੀ ਸੀ।
ਪਾਰਟੀ ਨੂੰ ਬਚਾਉਣਾ ਬੈਂਸ ਲਈ ਚੁਣੌਤੀ : ਲੋਕ ਇਨਸਾਫ ਪਾਰਟੀ ਦੇ ਯੂਥ ਪ੍ਰਧਾਨ ਸੰਨੀ ਕੈਂਥ ਨੇ ਵੀ ਬੀਤੇ ਦਿਨੀਂ ਭਾਜਪਾ ਦਾ ਪੱਲਾ ਫੜ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਹਨ। ਅਜਿਹੇ ਵਿੱਚ ਸਿਮਰਜੀਤ ਬੈਂਸ ਆਪਣੀ ਪਾਰਟੀ ਨੂੰ ਕਿਵੇਂ ਮੁੜ ਇਕੱਠੀ ਕਰਦੇ ਹਨ, ਇਹ ਇਕ ਵੱਡਾ ਸਵਾਲ ਅਤੇ ਚੁਣੌਤੀ ਹੋਵੇਗਾ। ਸਿਮਰਜੀਤ ਬੈਂਸ 2 ਵਾਰ ਆਤਮ ਨਗਰ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਵੀ ਵਿਧਾਇਕ ਰਹਿ ਚੁੱਕੇ ਹਨ ਪਰ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਬੈਂਸ ਖਿਲਾਫ ਕਈ ਮਾਮਲੇ ਦਰਜ : ਦਰਅਸਲ ਸਿਮਰਜੀਤ ਬੈਂਸ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਵੀ ਸਿਮਰਜੀਤ ਬੈਂਸ ਦੇ ਬਾਕੀ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ, ਬੈਂਸ ਵਿਰੁੱਧ ਕੁੱਲ 23 ਮਾਮਲੇ ਦਰਜ ਹਨ। ਇਸੇ ਨੂੰ ਲੈ ਕੇ ਲਗਾਤਾਰ ਕਈ ਮਾਮਲਿਆਂ ਦੇ ਵਿਚ ਬੈਂਸ ਨੂੰ ਰਾਹਤ ਵੀ ਮਿਲ ਚੁੱਕੀ ਹੈ, ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਕਾਂਗਰਸ ਦੇ ਆਤਮ ਨਗਰ ਤੋਂ ਬੈਂਸ ਦੇ ਵਿਰੁੱਧ ਖੜ੍ਹੇ ਹੋਏ ਕਮਲਜੀਤ ਕੜਵਲ ਉੱਤੇ ਜਾਨਲੇਵਾ ਹਮਲਾ ਕਰਨ ਨੂੰ ਲੈ ਕੇ ਵੀ 307 ਦਾ ਮਾਮਲਾ ਸਿਮਰਜੀਤ ਬੈਂਸ ਉੱਤੇ ਦਰਜ ਹੋਇਆ ਸੀ ।
ਇਹ ਵੀ ਪੜ੍ਹੋ : Teaching Poor Children: ਸਮਾਜ ਸੇਵੀ ਦਾ ਉਪਰਾਲਾ, ਗ਼ਰੀਬ ਬੱਚਿਆਂ ਦੇ ਚੰਗੇ ਭਵਿੱਖ ਲਈ ਖੋਲ੍ਹੇ 6 ਸਿੱਖਿਆ ਸੈਂਟਰ