ਰਾਏਕੋਟ: ਸ਼ਹਿਰ ਵਿੱਚ ਸੱਤਾਧਾਰੀ ਧਿਰ ਵੱਲੋਂ ਰਿਕਾਰਡ ਤੋੜ ਵਿਕਾਸ ਕਰਾਏ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਸ਼ਹਿਰ ਦੀ ਅਸਲੀਅਤ ਮੁਹੱਲਾ ਅਜੀਤਸਰ ਵਿਚਲੇ ਹਾਲਾਤਾਂ ਤੋਂ ਸਹਿਜੇ ਹੀ ਪਤਾ ਲੱਗ ਰਹੀ ਹੈ। ਕਿ ਕਿੰਨਾ ਵਿਕਾਸ ਹੋਇਆ ਹੈ, ਜਿੱਥੇ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦੇ ਪਾਣੀ ਦਾ ਛੱਪੜ ਲੱਗਿਆ ਹੋਇਆ, ਸੀਵਰੇਜ ਦਾ ਗੰਦਾ ਵਾਪਸ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ।
ਜਦਕਿ ਮੁਹੱਲਾ ਵਾਸੀ ਪਿਛਲੇ ਇੱਕ ਮਹੀਨੇ ਤੋਂ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ, ਪਰ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈਣ ਆ ਰਿਹਾ, ਸਗੋਂ ਇਸ ਸਮੱਸਿਆ ਨੂੰ ਸਫ਼ਾਈ ਸੇਵਕਾਂ ਦੀ ਹੜਤਾਲ (Strike) ਸਿਰ ਭੰਨ ਕੇ ਆਪਣਾ ਪੱਲਾ ਝਾੜ ਲਿਆ। ਜਦ ਕਿ ਮੁਹੱਲੇ ਵਿੱਚ ਦੂਸ਼ਿਤ ਪਾਣੀ ਅਤੇ ਗੰਦਗੀ ਕਾਰਨ ਮੁਹੱਲਾ ਵਾਸੀ ਬੱਚੇ ਬਜ਼ੁਰਗ ਔਰਤਾਂ ਬਿਮਾਰ ਹੋ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਔਰਤਾਂ ਅਤੇ ਨੌਜਵਾਨਾਂ ਨੇ ਦੱਸਿਆ, ਕਿ ਪਿਛਲੇ ਦਿਨੀਂ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਪਾਉਣ ਲਈ ਨਵੇਂ ਸਿਰਿਓ ਡਿੱਗ ਬਣਵਾਏ ਗਏ ਸਨ, ਪਰ ਡਿੱਗ ਚੱਲੇ ਨਹੀਂ ਅਤੇ ਉਨ੍ਹਾਂ ਦੇ ਮੁਹੱਲੇ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਰੁਕ ਗਈ, ਜਿਸ ਕਰਕੇ ਹੁਣ ਸੀਵਰੇਜ ਦਾ ਗੰਦਾ ਪਾਣੀ ਲੈਟਰੀਨਾਂ ਤੇ ਬਾਥਰੂਮਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਆ ਰਿਹਾ ਹੈ।
ਮਾਹੌਲ ਵਾਸੀਆਂ ਦਾ ਕਹਿਣਾ ਹੈ, ਕਿ ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਕਸ ਹੋ ਆ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬਿਮਾਰ ਹੋ ਰਹੇ ਹਨ। ਉਥੇ ਹੀ ਗਰਮੀ ਅਤੇ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੇ ਮੁਹੱਲਾ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਇਹ ਸਮੱਸਿਆ ਸਥਾਨਕ ਕਾਂਗਰਸੀ ਆਗੂਆਂ ਤੇ ਕੌਂਸਲਰ ਦੇ ਧਿਆਨ ਵਿੱਚ ਲਿਆਂਦੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਜਲਦ ਉਨ੍ਹਾਂ ਦੇ ਮੁਹੱਲੇ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਅਤੇ ਆ ਰਹੇ ਖਰਾਬ ਪੀਣ ਵਾਲੇ ਪਾਣੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਉਹ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।
ਉਧਰ ਜਦੋਂ ਇਸ ਸੰਬੰਧ ਵਿਚ ਸੈਨਟਰੀ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਕਲਰਕ ਸੁਖਪਾਲ ਸਿੰਘ ਕਾਕੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਪਰ ਸੀਵਰਮੈਨਾਂ ਦੀ ਹੜਤਾਲ ਕਾਰਨ ਕੰਮ ਲੇਟ ਹੋ ਗਿਆ ਜਿਸ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਦਿਵਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਸ੍ਰੀ ਮੁਕਤਸਰ ਸਾਹਿਬ: ਵਿਰਾਸਤੀ ਪਾਰਕ ਬਣਿਆ ਨਸ਼ੇੜੀਆਂ ਦਾ ਅੱਡਾ