ਲੁਧਿਆਣਾ: ਪੰਜਾਬ ਸਰਕਾਰਾਂ ਵਲੋਂ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਜੇ ਇਹ ਸਭ ਦਾਅਵੇ ਫਾਈਲਾਂ ਤੱਕ ਹੀ ਸੀਮਤ ਦਿਖਾਈ ਦੇ ਰਹੇ ਹਨ। ਲੁਧਿਆਣਾ ਦੇ ਨੂਰਵਾਲਾ ਰੋਡ ਦਸਮੇਸ਼ ਕਾਲੋਨੀ ਬਜਰੰਗ ਵਿਹਾਰ ਵਿਚ ਜਿੱਥੇ ਅਜੇ ਤੱਕ ਨਾ ਹੀ ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ, ਗਲੀਆਂ, ਸੜਕਾਂ ਟੁੱਟੀਆਂ ਤੇ ਨਾ ਹੀ ਸਟ੍ਰੀਟ ਲਾਈਟਾਂ ਦਾ ਵੀ ਪ੍ਰਬੰਧ ਹੈ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਕਲੋਨੀ ਪਿਛਲੇ 35 ਸਾਲਾ ਤੋਂ ਵਸੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਈ ਸਰਪੰਚ ਆਏ ਪਰ ਵਿਕਾਸ ਨਾਮ ਦਾ ਕੋਈ ਕੰਮ ਨਹੀਂ ਕੀਤਾ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪੰਚਾਇਤ ਮੈਂਬਰ ਨੇ ਉਨ੍ਹਾਂ ਕੋਲੋਂ ਰੁਪਏ ਲੈਕੇ ਸੀਵਰੇਜ ਅਤੇ ਗਲੀਆਂ ਵਿੱਚ ਟਾਈਲਾਂ ਲਗਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਪਾਈਪ ਟੁੱਟਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋਕੇ ਆਉਣ ਲੱਗ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਮੁਹੱਲਾ ਨਿਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਦੂਸਰੇ ਪਾਸੇ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਜਿਸ ਦੇ ਰੋਸ ਵਿਚ ਸਰਪੰਚ ਅਤੇ ਪੰਚਾਇਤ ਮੈਂਬਰ ਦੇ ਖਿਲਾਫ਼ ਨਾਅਰੇ ਲਗਾ ਕੇ ਪ੍ਰੋਟੈਸਟ ਕੀਤਾ ਹੈ।
ਇਸ ਪੂਰੇ ਮਾਮਲੇ ਵਿਚ ਸਰਪੰਚ ਨਿਰਮਲ ਕੌਰ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਨੇ ਪਾਣੀ ਵਾਲੇ ਬੋਰ ਆਪ ਕਰਵਾਏ ਹਨ।ਉਨ੍ਹਾਂ ਦੱਸਿਆ ਕਿ ਗਲੀਆਂ ਵਿੱਚ ਮਿੱਟੀ ਲੋਕਾਂ ਨੂੰ ਆਪ ਪੁਆਉਣੀ ਪੈਂਦੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਉਨ੍ਹਾਂ ਕੋਲ ਸਹਾਇਤਾ ਲਈ ਆਇਆ ਤਾਂ ਜ਼ਰੂਰ ਕਰਨਗੇ।