ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀ ਹੱਦ 'ਤੇ ਮੋਰਚਾ ਜਾਰੀ ਹੈ। ਇਸ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ’ਚ ਇੱਕ ਨਵਾਂ ਜਜ਼ਬਾ ਭਰ ਦਿੱਤਾ ਹੈ।। ਇਸ ਜਜ਼ਬੇ ਦੇ ਚਲਦਿਆਂ ਇੱਕ 60 ਸਾਲਾ ਬਜ਼ੁਰਗ ਵੱਲੋਂ ਦਿੱਲੀ ਨੂੰ ਪੈਦਲ ਚਾਲੇ ਪਾਏ ਗਏ ਹਨ। ਪਿੰਡ ਚੱਕਰ ਦੇ ਰਹਿਣ ਵਾਲਾ ਜੋਗਿੰਦਰ ਸਿੰਘ ਆਪਣੇ ਘਰ ਤੋਂ ਅਰਦਾਸ ਕਰ ਕੇ ਦਿੱਲੀ ਨੂੰ ਪੈਦਲ ਹੀ ਤੁਰ ਪਿਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਸਾਡਾ ਇਤਿਹਾਸ ਸਾਨੂੰ ਅਜਿਹੇ ਹਾਲਾਤਾਂ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਰਿਹਾ ਹੈ।
ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡਾ ਇਤਿਹਾਸ ਭੁੱਖ ਹੜਤਾਲਾਂ ਵਾਲਾ ਨਹੀਂ ਹੈ, ਬਲਕਿ ਅਸੀਂ ਗੁਰੂ ਦੇ ਲੰਗਰ ਲਗਾਉਣ ਵਾਲੇ ਹਾਂ ਅਤੇ ਰੱਜ-ਪੁੱਜ ਕੇ ਸਰਕਾਰ ਨੂੰ ਟੱਕਰ ਦੇਣ ਵਾਲੇ ਹਾਂ।
ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਵਾਪਸ ਮੁੜਨ ਵਾਲੇ ਨਹੀਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਨੂੰ ਚਾਲੇ ਪਾਏ ਜਾਣ ਤਾਂ ਕਿ ਸਰਕਾਰ ਨੂੰ ਝੁਕਾਇਆ ਜਾ ਸਕੇ।