ਲੁਧਿਆਣਾ: ਕੋਰੋਨਾ ਸੰਕਟ ਦੌਰਾਨ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਵਿਵਾਦਪੂਰਵਕ ਰਿਹਾ। ਇਸ ਇੱਕ ਦਿਨਾਂ ਇਜਲਾਸ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਮਲ ਨਾ ਕਰਨ 'ਤੇ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੈਸ਼ਨ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ।
ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੈਸ਼ਨ ਵਿੱਚ ਦਾਖਲ ਨਾ ਕਰਨ ਦਾ ਕੈਪਟਨ ਸਰਕਾਰ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਲੋਕਤੰਤਤਰ ਦਾ ਘਾਣ ਕੀਤਾ ਹੈ। ਮਾਣੂਕੇ ਨੇ ਕਿਹਾ ਕਿ ਸਰਕਾਰ ਨੂੰ ਡਰ ਸੀ ਕਿ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੀਆਂ ਨਕਾਮੀਆਂ 'ਤੇ ਸਵਾਲ ਖੜੇ ਕੀਤੇ ਜਾਣਗੇ, ਜਿਸ ਕਰਕੇ ਵਾਰ-ਵਾਰ ਕਹਿਣ ਦੇ ਬਾਵਜੂਦ ਵਿਧਾਇਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਦੇ ਨਾਲ ਹੀ ਮਾਣੂਕੇ ਨੇ ਕਿਹਾ ਕਿ ਇਹ ਇੱਕ ਦਿਨ ਦਾ ਸੈਸ਼ਨ ਨਹੀਂ ਸਗੋਂ 40 ਮਿੰਟ ਦਾ ਸੈਸ਼ਨ ਸੀ।
ਉੱਥੇ ਹੀ ਮਾਣੂਕੇ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਘਪਲੇ ਬਾਰੇ ਬੋਲਦਿਆ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਉਜਾਗਰ ਕਰਨਗੇ ਪਰ ਘੁਟਾਲਾ ਤਾਂ ਕੀ ਉਜਾਗਰ ਕਰਨਾ ਸੀ, ਉਹ ਖੁਦ ਹੀ ਇਸ ਵਿੱਚ ਲਿਪਤ ਹੋ ਗਏ।