ਸਮਰਾਲਾ : ਜਿਲ੍ਹਾ ਪੁਲਿਸ ਖੰਨਾ ਦੇ ਥਾਣਾ ਸਮਰਾਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਸਬੰਧ ਪਾਕਿਸਤਾਨ ਰਹਿੰਦੇ ਨਸ਼ਾ ਤਸਕਰਾਂ ਨਾਲ ਹੋਣ ਦਾ ਸ਼ੱਕ ਹੈ। ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਤਸਕਰਾਂ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਤਸਕਰ ਫ਼ਿਰੋਜ਼ਪੁਰ ਦਾ ਵਸਨੀਕ ਹੈ, ਜਿਸਦਾ ਪਿੰਡ ਸਰਹੱਦ ਦੇ ਬਿਲਕੁਲ ਨਾਲ ਹੈ। ਉਹ ਸਰਹੱਦ ਰਾਹੀਂ ਹੈਰੋਇਨ ਦੀ ਤਸਕਰੀ ਕਰਦਾ ਸੀ।
ਚੰਡੀਗੜ੍ਹ ਵਿੱਚ ਕਰਕੇ ਮੁੜ ਰਹੇ ਸੀ ਸਪਲਾਈ : ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਫ਼ਿਰੋਜ਼ਪੁਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਨੇ ਇਹ ਦੋਵੇਂ ਮੁਲਜ਼ਮ ਉਸ ਸਮੇਂ ਫੜੇ ਜਦੋਂ ਦੋਵੇਂ ਤਸਕਰ ਹੈਰੋਇਨ ਚੰਡੀਗੜ੍ਹ ਸਪਲਾਈ ਕਰਕੇ ਵਾਪਸ ਆ ਰਹੇ ਸੀ। ਸਪਲਾਈ ਕਰਨ ਤੋਂ ਬਾਅਦ ਵੀ ਉਹਨਾਂ ਕੋਲ 70 ਗ੍ਰਾਮ ਹੈਰੋਇਨ ਬਚੀ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਧਾਨੀ ਵਿੱਚ ਇਸ ਤੋਂ ਵੀ ਵੱਧ ਹੈਰੋਇਨ ਦੀ ਸਪਲਾਈ ਹੋਈ ਹੋਵੇਗੀ। ਪੁਲਿਸ ਇਸਦਾ ਪਤਾ ਲਗਾ ਰਹੀ ਹੈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਹੇਡੋਂ ਚੌਕੀ ਨੇੜੇ ਨਾਕਾਬੰਦੀ ਦੌਰਾਨ ਦਿੱਲੀ ਨੰਬਰ ਦੀ ਆਈ-10 ਕਾਰ ਨੂੰ ਰੋਕਿਆ ਗਿਆ। ਇਸ ਵਿੱਚ ਫਿਰੋਜ਼ਪੁਰ ਦੇ ਪਿੰਡ ਮੋਹਕਮ ਭੱਟੀ ਦਾ ਰਹਿਣ ਵਾਲਾ ਮਨਿੰਦਰ ਸਿੰਘ ਅਤੇ ਉਸਦਾ ਸਾਥੀ ਗੁਰਬੇਜ ਸਿੰਘ ਵਾਸੀ ਸੰਤ ਨਗਰ ਮੋਗਾ ਸਵਾਰ ਸਨ। ਦੋਵਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਤੋਂ ਬਾਅਦ ਅਹਿਮ ਖੁਲਾਸੇ ਹੋਏ ਹਨ।
ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਦਾ ਪਿੰਡ ਪਾਕਿਸਤਾਨ ਸਰਹੱਦ ’ਤੇ ਹੈ। ਡਰੱਗ ਤਸਕਰੀ ਵਿਚ ਉਸਦੇ ਪਾਕਿਸਤਾਨ ਨਾਲ ਸਬੰਧਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਫਿਲਹਾਲ ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਦੋਵੇਂ ਤਸਕਰ ਕਿਹੜੇ-ਕਿਹੜੇ ਰੂਟਾਂ ਤੋਂ ਹੈਰੋਇਨ ਲਿਆਉਂਦੇ ਸਨ ਅਤੇ ਉਨ੍ਹਾਂ ਦੇ ਕਿਸ ਗਰੁੱਪ ਨਾਲ ਸਬੰਧ ਹਨ। ਉਮੀਦ ਹੈ ਕਿ ਅਹਿਮ ਸੁਰਾਗ ਮਿਲ ਜਾਣਗੇ, ਜਿਹਨਾਂ ਦਾ ਖੁਲਾਸਾ ਕੁਝ ਦਿਨਾਂ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਵਿੱਚ ਕੀਤਾ ਜਾਵੇਗਾ। ਡੀਐੱਸਪੀ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਕਿਹੜੇ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕੀਤੀ ਗਈ ਉਹਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।