ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਚਕਾਰ ਗੱਠਜੋੜ ਦਾ ਅਸਰ ਹੁਣ ਜ਼ਮੀਨੀ ਪੱਧਰ ਤੇ ਵਿਖਾਈ ਦੇਣ ਲੱਗਾ ਹੈ।ਅੱਜ ਲੁਧਿਆਣਾ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਕੋਲ ਇੱਕ ਸ਼ਿਕਾਇਤ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਕਿ ਰਵਨੀਤ ਬਿੱਟੂ ਦੇ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਯਤਨ ਕੀਤਾ ਹੈ ਜਿਸ ਕਰਕੇ ਉਸ ਤੇ ਐੱਸਸੀ ਐੱਸਟੀ ਐਕਟ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਸਪਾ ਦੇ ਆਗੂ ਵੀ ਮੌਜੂਦ ਰਹੇ। ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ,ਮਹੇਸ਼ਇੰਦਰ ਗਰੇਵਾਲ, ਪਵਨ ਕੁਮਾਰ ਟੀਨੂੰ ਤੇ ਹੋਰ ਕਈ ਸੀਨੀਅਰ ਆਗੂ ਤੇ ਵਰਕਰ ਵੀ ਮੌਜੂਦ ਰਹੇ।
ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਵਨੀਤ ਬਿੱਟੂ ਖੁਦ ਸ੍ਰੀ ਆਨੰਦਪੁਰ ਸਾਹਿਬ ਚੋਣਾਂ ਲੜ ਚੁੱਕੇ ਹਨ ਅਤੇ ਉਹ ਖੁਦ ਹੀ ਉੱਥੋਂ ਦਾ ਇਤਿਹਾਸ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਜੋ ਭਾਸ਼ਾ ਉਨ੍ਹਾਂ ਨੇ ਵਰਤੀ ਹੈ ਉਸ ਦਾ ਮਤਲਬ ਸਿੱਧੇ ਤੌਰ ਤੇ ਹੀ ਨਿਕਲਦਾ ਹੈ ਕਿ ਇਹ ਦੋਵੇਂ ਪਵਿੱਤਰ ਸਥਾਨ ਹਨ ਅਤੇ ਇਨ੍ਹਾਂ ਦੀਆਂ ਸੀਟਾ ਅਪਵਿੱਤਰ ਲੋਕਾਂ ਨੂੰ ਦੇ ਦਿੱਤੀਆਂ ਗਈਆਂ ਹਨ।
ਚੀਮਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਜਿਸ ਦੀ ਅਕਾਲੀ ਦਲ ਅਤੇ ਬਸਪਾ ਕੜੇ ਸ਼ਬਦਾਂ ‘ਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ ਹੈ ਇਸ ਕਰਕੇ ਪੁਲਿਸ ਕਮਿਸ਼ਨਰ ਨੂੰ ਇਸ ਵਿਚ ਟਾਲ ਮਟੋਲ ਨਹੀਂ ਕਰਨੀ ਚਾਹੀਦੀ ਸਗੋਂ ਤੁਰੰਤ ਉਸ ਤੇ ਪਰਚਾ ਦਰਜ ਕਰਕੇ ਰਵਨੀਤ ਬਿੱਟੂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਧਰ ਦੂਜੇ ਪਾਸੇ ਬਸਪਾ ਦੇ ਪੰਜਾਬ ਜਨਰਲ ਸਕੱਤਰ ਗੁਰਮੇਲ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਕਰਕੇ ਉਹ ਅਜਿਹੀ ਬੇਤੁਕੀ ਬਿਆਨਬਾਜ਼ੀ ਕਰਦੇ ਹਨ ।