ਲੁਧਿਆਣਾ: ਸ਼ਹਿਰ ਦੇ ਪੋਰਸ਼ ਇਲਾਕੇ ਸਰਾਭਾ ਨਗਰ ਦੇ ਵਿੱਚ ਦੇਰ ਰਾਤ ਦੋ ਬਦਮਾਸ਼ਾਂ ਵੱਲੋਂ ਹੋਟਲ ਕਾਰੋਬਾਰੀ ਦੇ ਘਰ ਦਾਖਲ ਹੋ ਕੇ ਉਹਨਾਂ ਦੀ ਪਤਨੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ 'ਤੇ ਹੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਹੋਟਲ ਕਾਰੋਬਾਰੀ ਦੀ ਪਤਨੀ ਕੁਸਮ ਲਤਾ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਜਿਨਾਂ ਮੁਲਜ਼ਮਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਕੋਈ ਹੋਰ ਨਹੀਂ ਸਗੋਂ ਕੁਝ ਦਿਨ ਪਹਿਲਾਂ ਹੀ ਹੋਟਲ ਕਾਰੋਬਾਰੀ ਨਰੇਸ਼ ਕੁਮਾਰ ਦੇ ਘਰ ਲੱਕੜੀ ਦਾ ਕੰਮ ਕਰਨ ਆਏ ਸਨ।
ਦੋ ਬਦਮਾਸ਼ਾਂ ਵਲੋਂ ਲੁੱਟ ਦੀ ਕੋਸ਼ਿਸ਼: ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਹੀ ਉਹ ਮੁਲਜ਼ਮ ਆਪਣਾ ਕੰਮ ਖਤਮ ਕਰਕੇ ਗਏ ਸਨ ਪਰ ਦੇਰ ਰਾਤ ਜਦੋਂ ਕਾਰੋਬਾਰੀ ਨਰੇਸ਼ ਕੁਮਾਰ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤਾਂ ਉਹ ਮੁਲਜ਼ਮ ਆ ਗਏ ਅਤੇ ਕੁਸਮ ਲਤਾ ਨੂੰ ਉਹਨਾਂ ਦੇ ਪਤੀ ਬਾਰੇ ਪੁੱਛਣ ਲੱਗੇ ਅਤੇ ਨਾਲ ਹੀ ਉਹਨਾਂ ਦੇ ਸਿਰ 'ਤੇ ਵਾਰ ਕਰਕੇ ਅੰਦਰ ਦਾਖਲ ਹੋਣ ਲੱਗੇ ਪਰ ਇਸ ਦੌਰਾਨ ਕੁਸਮ ਲਤਾ ਦੀਆਂ ਆਵਾਜ਼ਾਂ ਸੁਣ ਕੇ ਨੇੜੇ ਤੇੜੇ ਦੇ ਲੋਕਾਂ ਨੇ ਇਕੱਠੇ ਹੋ ਕੇ ਦੋਵਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਕਾਰੋਬਾਰੀ ਦੀ ਪਤਨੀ ਨੂੰ ਕੀਤਾ ਜ਼ਖ਼ਮੀ: ਪੀੜਤ ਕੁਸਮ ਲਤਾ ਦੇ ਸਿਰ 'ਤੇ ਹਥੋੜੇ ਦੇ ਨਾਲ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਸਿਰ 'ਤੇ 10 ਟਾਂਕੇ ਲੱਗੇ ਹਨ। ਪੀੜਤਾ ਦੇ ਪਤੀ ਨਰੇਸ਼ ਸੇਠੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਲੱਕੜੀ ਦਾ ਕੰਮ ਕਰਵਾਇਆ ਸੀ ਅਤੇ ਠੇਕੇਦਾਰ ਨੇ ਦੋ ਨਵੇਂ ਲੋਕਾਂ ਨੂੰ ਮੰਡੀ ਵਿੱਚੋਂ ਲਿਆਂਦਾ ਸੀ। ਜਿਸ ਤੋਂ ਬਾਅਦ ਉਹ ਘਰ ਵਿੱਚ ਕੰਮ ਕਰਨ ਤੋਂ ਬਾਅਦ ਚਲੇ ਗਏ, ਪਰ ਬਾਅਦ ਵਿੱਚ ਉਹਨਾਂ ਨੇ ਘਰ ਦਾ ਸਾਰਾ ਮੁਆਇਨਾ ਕਰ ਲਿਆ ਅਤੇ ਰੇਕੀ ਕਰਨ ਤੋਂ ਬਾਅਦ ਮੌਕਾ ਪਾ ਕੇ ਘਰ ਦੇ ਵਿੱਚ ਦਾਖਲ ਹੋਏ। ਕਾਰੋਬਾਰੀ ਨੇ ਦੱਸਿਆ ਕਿ ਦੋਵੇਂ ਹੀ ਹਿਸਾਬ ਕਰਨ ਦਾ ਬਹਾਨਾ ਬਣਾ ਕੇ ਉਹਨਾਂ ਦੇ ਘਰ ਦੇ ਵਿੱਚ ਆਏ ਤੇ ਜਦੋਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਸਵੇਰੇ ਆਉਣ ਕਿਉਂਕਿ ਫਿਲਹਾਲ ਉਹਨਾਂ ਦੇ ਪਤੀ ਘਰ ਨਹੀਂ ਹਨ ਤਾਂ ਦੋਵਾਂ ਨੇ ਮੌਕਾ ਵੇਖਦਿਆਂ ਹੀ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ।
- Punjab Cow Cess: ਆਖ਼ਰ ਕਿਥੇ ਲੱਗ ਰਹੇ ਗਊ ਸੈੱਸ ਦੇ ਨਾਂ 'ਤੇ ਇਕੱਠੇ ਕੀਤੇ ਕਰੋੜਾਂ ਰੁਪਏ, ਸੜਕਾਂ 'ਤੇ ਅਵਾਰਾ ਘੁੰਮ ਰਹੇ ਜਾਨਵਰ ਲੋਕਾਂ ਲਈ ਬਣ ਰਹੇ ਕਾਲ
- ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ, ਪੰਜ ਤਖ਼ਤਾਂ ਦੇ ਜਥੇਦਾਰ ਹੋਏ ਸ਼ਾਮਲ
- ਜ਼ੀਰਾ ਫੈਕਟਰੀ ਤੋਂ ਬਾਅਦ ਲੁਧਿਆਣਾ ਦੇ ਪਿੰਡ ਮਾਂਗਟ ਵਿੱਚ ਗੰਦੇ ਪਾਣੀ ਨੇ ਜੀਣਾ ਕੀਤਾ ਮੁਹਾਲ, ਮੁੱਖ ਮੰਤਰੀ ਨੂੰ ਭੇਜੀ ਗਈ ਵੀਡਿਓ - ਖਾਸ ਰਿਪੋਰਟ
ਚੋਰੀ ਕਰਨ ਆਏ ਦੋ ਮੁਲਜ਼ਮ ਕਾਬੂ: ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਕਿਹਾ ਹੈ ਕਿ ਸਰਾਭਾ ਨਗਰ ਦੀ ਇਹ ਵਾਰਦਾਤ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਇਹੀ ਬੰਦੇ ਪਹਿਲਾਂ ਲੱਕੜੀ ਦਾ ਕੰਮ ਕਰਕੇ ਗਏ ਸਨ ਤੇ ਦੋਵਾਂ ਬਜ਼ੁਰਗ ਕਾਰੋਬਾਰੀ ਪਤੀ ਪਤਨੀ ਘਰ 'ਚ ਇਕੱਲੇ ਰਹਿੰਦੇ ਸਨ, ਸ਼ਾਇਦ ਇਸੇ ਦਾ ਫਾਇਦਾ ਚੁੱਕ ਕੇ ਉਹ ਘਰ 'ਚ ਦਾਖਲ ਹੋਏ ਸਨ।