ਲੁਧਿਆਣਾ: ਕਾਕੋਵਾਲ ਰੋਡ 'ਤੇ ਸਥਿਤ ਹੀਰਾ ਨਗਰ ਵਿੱਚ ਕੁਝ ਅਣਪਛਾਤੀਆਂ ਔਰਤਾਂ ਵੱਲੋਂ ਦਿਨ ਦਿਹਾੜੇ ਇੱਕ ਹੌਜ਼ਰੀ ਵਪਾਰੀ ਦੇ ਘਰ ਅੰਦਰ ਵੜਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਲੁਟੇਰੀਆਂ ਔਰਤਾਂ ਨੇ ਘਰ ਵਿੱਚ ਮੌਜੂਦ ਮਹਿਲਾ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸਦੇ ਸਿਰ 'ਤੇ ਕੋਈ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ, ਜਿਸਤੋਂ ਬਾਅਦ ਆਰਾਮ ਨਾਲ ਸਾਰੇ ਘਰ ਵਿੱਚ ਹੂੰਝਾ ਫੇਰ ਗਈਆਂ। ਘਰ ਦੀ ਬੇਹੋਸ਼ ਹੋਈ ਮਹਿਲਾ ਮਾਲਕਣ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਵਾਰਦਾਤ ਮੌਕੇ ਔਰਤ ਘਰ ਵਿੱਚ ਇਕੱਲੀ ਸੀ। ਬੱਚੇ ਟਿਊਸ਼ਨ ਪੜ੍ਹਨ ਲਈ ਗਏ ਹੋਏ ਸਨ। ਹੌਜ਼ਰੀ ਮਾਲਕ ਆਪਣੀ ਫੈਕਟਰੀ ਵਿੱਚ ਸੀ।
ਮੌਕਾ ਦੇਖਕੇ ਘਰ ਅੰਦਰ ਵੜੀਆਂ ਔਰਤਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਲੁਟੇਰੀਆਂ ਔਰਤਾਂ ਨੇ ਲੱਖਾਂ ਰੁਪਏ ਦੇ ਗਹਿਣੇ, ਨਗਦੀ ਹੋਰ ਕੀਮਤੀ ਸਮਾਨ ਲੈਕੇ ਫਰਾਰ ਹੋ ਗਈਆਂ। ਘਰ ਦਾ ਮਾਲਕ ਨੇ ਜਾਣਕਾਰੀ ਦਿੰਦਿਆ ਦੱਸਿਆ 12-13 ਲੱਖ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ 8 ਲੱਖ ਦਾ ਕੈਸ਼ ਅਤੇ 4-5 ਲੱਖ ਦੇ ਗਹਿਣੇ ਲੈ ਕੇ ਫਰਾਰ ਹੋ ਗਈਆਂ।
ਇਹ ਵੀ ਪੜੋ:ਰਿਐਲਟੀ ਚੈਕ: ਬਰਸਾਤਾਂ ਤੋਂ ਪਹਿਲਾਂ ਲੁਧਿਆਣਾ ਦੇ ਬੁੱਢੇ ਨਾਲੇ ਦੀ ਹਾਲਤ ਖਸਤਾ
ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰਕੇ ਸ਼ਹਿਰ ਵਿੱਚ ਨਾਕਾਬੰਦੀ ਕਰਵਾ ਦਿੱਤੀ ਹੈ।