ਲੁਧਿਆਣਾ: ਗਿਆਸਪੁਰਾ ਇਲਾਕੇ ਦੇ ਵਿੱਚ ਸੜਕਾਂ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਅਤੇ ਇੰਨ੍ਹੇ ਵੱਡੇ-ਵੱਡੇ ਖੱਡੇ ਹਨ ਕਿ ਤੁਹਾਨੂੰ ਆਪਣੀ ਜਾਨ ਜੋਖਮ 'ਚ ਪਾ ਕੇ ਹੀ ਲੰਘਣਾ ਪਵੇਗਾ। ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਗਿਆਸਪੁਰਾ ਇਲਾਕੇ ਵਿੱਚ ਫੈਕਟਰੀਆਂ ਚਲਾਉਣ ਵਾਲੇ ਸਨਅਤਕਾਰਾਂ ਨੇ ਇੱਕ ਮੀਟਿੰਗ ਕਰਕੇ ਲੁਧਿਆਣਾ ਦੀ ਕਾਰਪੋਰੇਸ਼ਨ ਨੂੰ ਆਪਣਾ ਦਰਦ ਬਿਆਨ ਕੀਤਾ। ਜਦਕਿ ਦੂਜੇ ਪਾਸੇ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਹੈ ਕਿ ਸੜਕ ਬਣਾਉਣ ਲਈ ਟੈਂਡਰ ਲੱਗ ਚੁੱਕੇ ਹਨ, ਜਲਦ ਹੀ ਠੇਕੇਦਾਰ ਕੰਮ ਸ਼ੁਰੂ ਕਰ ਦੇਵੇਗਾ।
ਇਸ ਸਬੰਧ ਵਿੱਚ ਵੱਖ-ਵੱਖ ਸਨਅਤਾਂ ਨਾਲ ਸਬੰਧਤ ਕਾਰੋਬਾਰੀਆਂ ਨੇ ਕਿਹਾ ਕਿ ਗਿਆਸਪੁਰਾ ਇਲਾਕੇ ਦੇ ਵਿੱਚ ਉਨ੍ਹਾਂ ਦੀਆਂ ਫੈਕਟਰੀਆਂ ਹਨ ਅਤੇ ਵੱਡੀ ਤਦਾਦ ਵਿੱਚ ਉਨ੍ਹਾਂ ਦਾ ਮਟੀਰੀਅਲ ਬਾਹਰੋਂ ਆਉਂਦਾ ਜਾਂਦਾ ਹੈ। ਪਰ ਸੜਕਾਂ ਦੀ ਅਜਿਹੀ ਹਾਲਤ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਨਅਤਕਾਰਾਂ ਨੇ ਦੱਸਿਆ ਕਿ ਹਾਲਤ ਇਸ ਕਦਰ ਖ਼ਰਾਬ ਹਨ ਕਿ ਉਨ੍ਹਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਹ ਲਗਾਤਾਰ ਇਸ ਸਬੰਧੀ ਸਰਕਾਰ ਅਤੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੇ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ।
ਜਦੋਂ ਕਿ ਉੱਧਰ ਦੂਜੇ ਪਾਸੇ ਇਸ ਸਬੰਧੀ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗਿਆਸਪੁਰਾ ਇਲਾਕੇ ਦੇ ਵਿੱਚ ਸੜਕਾਂ ਬਣਾਉਣ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਇਸ ਸਬੰਧੀ ਬੋਰਡ ਲਾ ਕੇ ਠੇਕੇਦਾਰ ਦਾ ਨੰਬਰ ਵੀ ਲਿਖਿਆ ਗਿਆ ਹੈ ਅਤੇ ਜਲਦ ਹੀ ਸੜਕਾਂ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।