ਲੁਧਿਆਣਾ: ਦਿੱਲੀ ਵਿੱਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਗਣਤੰਤਰ ਦਿਹਾੜੇ 'ਤੇ ਟਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਮੁੜ ਤੋਂ ਪੰਜਾਬ ਪਰਤੇ ਕਿਸਾਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਮਾਹੌਲ ਸਥਿਰ ਹੈ ਕਿਸਾਨ ਇਕਜੁੱਟ ਹਨ। ਜਿਨ੍ਹਾਂ ਕਿਸਾਨਾਂ ਦੀਆਂ ਡਿਊਟੀਆਂ ਲੱਗੀਆਂ ਸਨ ਉਹ ਵਾਪਸ ਸਰਕਾਰਾਂ ਵੱਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਵੱਡੀ ਤਦਾਦ ਵਿਚ ਕਿਸਾਨ ਹਾਲੇ ਵੀ ਡਟੇ ਹੋਏ ਹਨ। ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਹ ਆਪਣੀ ਜਿੱਤ ਪੂਰੀ ਕਰਕੇ ਹੀ ਵਾਪਸ ਆਉਣਗੇ। ਕਈ ਮੁੜ ਤੋਂ ਦਿੱਲੀ ਅਤੇ ਟਿਕਰੀ ਬਾਰਡਰ ਜਾਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਮੀਡੀਆ ਅਤੇ ਸਰਕਾਰਾਂ ਵੱਲੋਂ ਕਿਸਾਨ ਅੰਦੋਲਨ ਖਤਮ ਕਰਨ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਸਾਡੀ ਟੀਮ ਵੱਲੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਦਿੱਲੀ ਤੋਂ ਪਰਤ ਰਹੇ ਅਤੇ ਦਿੱਲੀ ਨੂੰ ਜਾ ਰਹੇ ਕਿਸਾਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਇਹ ਸਭ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਕਿਸਾਨ ਉਥੇ ਹਾਲੇ ਵੀ ਵੱਡੀ ਤਾਦਾਦ ਵਿੱਚ ਡਟੇ ਹੋਏ ਹਨ। ਉਹ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲੜ ਰਹੇ ਨੇ ਨਾਲ ਹੀ ਗਣਤੰਤਰ ਦਿਹਾੜੇ ਮੌਕੇ ਜੋ ਵੀ ਲਾਲ ਕਿਲ੍ਹੇ ਦੀ ਘਟਨਾ ਵਾਪਰੀ ਹੈ ਉਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੇਂਦਰ ਸਰਕਾਰ ਵੱਲੋਂ ਹੀ ਕੀਤੀ ਗਈ ਸੀ ਕਿਉਂਕਿ ਜਦੋਂ ਕਿਸਾਨ ਲਾਲ ਕਿਲੇ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ ਅਤੇ ਪੁਲਿਸ ਚਾਹੁੰਦੀ ਸੀ ਕਿ ਇਹ ਸਾਰਾ ਕਾਰਨਾਮਾ ਕਿਸਾਨਾਂ ਵੱਲੋਂ ਕੀਤਾ ਜਾਵੇ।
ਕਿਸਾਨਾਂ ਵੱਲੋਂ ਦੀਪ ਸਿੱਧੂ 'ਤੇ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲੇ ਕਿਸੇ ਵੀ ਤਰ੍ਹਾਂ ਦਾ ਦੋਫਾੜ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਵਿੱਚ ਨਹੀਂ ਪਾਉਣਾ ਚਾਹੁੰਦੇ। ਕਿਸਾਨੀ ਸੰਘਰਸ਼ ਵਿੱਚ ਸਾਰਿਆਂ ਨੇ ਸਾਥ ਦਿੱਤਾ ਹੈ ਇਸ ਕਰਕੇ ਹਾਲੇ ਕੁਝ ਵੀ ਨਹੀਂ ਕਹਿਣਾ ਚਾਹੀਦਾ, ਇਸ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਵੇਗਾ।