ਲੁਧਿਆਣਾ: ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਮਾਮਲਾ ਉੱਠਾ ਰਹੇ ਸੇਵਾ ਮੁਕਤ ਡੀ.ਐੱਸ.ਪੀ ਬਲਵਿੰਦਰ ਸ਼ੇਖੋਂ ਨੂੰ ਲੁਧਿਆਣਾ ਪੁਲਿਸ ਵੱਲੋਂ ਜਸਟਿਸ ਸੁਮਿਤ ਮੱਕੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਬਲਵਿੰਦਰ 24 ਤਰੀਕ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਬਲਵਿੰਦਰ ਸੇਖੋਂ ਨੇ ਕਚਹਿਰੀ ਤੋਂ ਬਾਹਰ ਆ ਕੇ ਨਿਆਂ ਪ੍ਰਣਾਲੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪੇਸ਼ੀ ਦੌਰਾਨ ਉਨ੍ਹਾਂ ਦੇ ਸਮਰਥਕ ਹੱਥਾਂ ਵਿੱਚ ਬੈਨਰ ਫੜ ਕੇ ਅਦਾਲਤ ਦੇ ਵਿੱਚ ਦਾਖਲ ਹੋ ਗਏ ਕਿ ਉਹ ਵੀ ਬਲਵਿੰਦਰ ਸੇਖੋਂ ਹੀ ਹਨ। ਇਸ ਮੌਕੇ ਉਹ ਕਾਫ਼ੀ ਗੁੱਸੇ ਵਿੱਚ ਅਤੇ ਨਰਾਜ਼ ਦਿਖਾਈ ਦਿੱਤੇ।
ਲੜਾਈ ਜਾਰੀ ਰਹੇਗੀ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸੇਖੋਂ ਨੇ ਕਿਹਾ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਸ਼ੇ ਦੀਆਂ ਬੰਦ ਪਈਆਂ ਫਾਈਲਾਂ ਖੁੱਲ੍ਹ ਨਹੀਂ ਜਾਂਦੀ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੇਰੀ ਲਾਸ਼ ਉੱਠਦੀ ਹੈ ਜਾਂ ਮੈਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਮੇਰਾ ਪੁੱਤਰ ਵੀ ਅੱਗੇ ਆਵੇਗਾ। ਮੇਰੀ ਧੀ ਹੁਣ ਇਸ ਲੜਾਈ ਨੂੰ ਅੱਗੇ ਜਾਰੀ ਰੱਖੇਗੀ। ਸਭ ਤੋਂ ਬਾਅਦ ਮੇਰੀ ਪਤਨੀ ਦੀ ਲਾਸ਼ ਉੱਠੇਗੀ। ਸੇਖੋਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣਾ ਹੈ ਤਾਂ ਐੱਨ.ਆਰ.ਆਈ ਭਰਾਵਾਂ ਨੂੰ ਅੱਗੇ ਆਉਣਾ ਪਵੇਗਾ । ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸਾਨੂੰ ਐੱਨ.ਆਰ.ਆਈ ਭਰਾਵਾਂ ਦੇ ਪੈਸੇ ਦੀ ਲੋੜ ਨਹੀਂ ਬਲਕਿ ਉਨ੍ਹਾਂ ਦੇ ਇੱਥੇ ਆ ਕੇ ਨਾਲ ਖੜ੍ਹਨ ਦੀ ਲੋੜ ਹੈ, ਕਿਉਂਕਿ ਪੰਜਾਬ ਨੂੰ ਹੁਣ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਐੱਨ.ਆਰ.ਆਈ. ਹਨ।
ਮੀਡੀਆ ਦਾ ਬਾਇਕਾਟ: ਉਨ੍ਹਾਂ ਇੱਥੋਂ ਤੱਕ ਆਖਿਆ ਕਿ ਪੰਜਾਬ ਦੇ ਬੁੱਧੀਜੀਵੀ ਤਾਂ ਮੂੰਹ ਬੰਦ ਕਰਕੇ ਬੈਠ ਗਏ ਹਨ, ਉਨ੍ਹਾਂ ਤੋਂ ਹੁਣ ਕੋਈ ਉਮੀਦ ਨਹੀਂ ਰਹੀ। ਮੀਡੀਆ ਬਾਰੇ ਬੋਲਦੇ ਕਿਹਾ ਕਿ ਜੇਕਰ ਮੀਡੀਆ ਨੇ ਹੁਣ ਵੀ ਇਨ੍ਹਾਂ ਲੋਕਾਂ ਖਿਲਾਫ਼ ਆਵਾਜ਼ ਬੁਲੰਦ ਨਾ ਕੀਤੀ ਤਾਂ ਲੋਕਾਂ ਨੂੰ ਮੀਡੀਆ ਦਾ ਵੀ ਬਾਇਕਾਟ ਕਰਨਾ ਚਾਹੀਦਾ ਹੈ, ਕਿਉਂਕਿ ਪੰਜਾਬ ਦੀ ਬਰਬਾਦੀ ਲਈ ਫਿਰ ਮੀਡੀਆ ਵੀ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਆਮ ਲੋਕਾਂ ਦੀ ਆਵਾਜ਼ ਨੂੰ ਕੋਈ ਵੀ ਦਬਾ ਨਹੀਂ ਸਕਦਾ। ਬਲਵਿੰਦਰ ਸੇਖੋਂ ਨੇ ਆਖਿਆ ਕਿ ਮੇਰੀ ਲੜਾਈ ਮੇਰੀ ਬੇਟੀ ਲੜੇਗੀ । ਉਹ ਸਿਰਫ਼ ਅਦਾਲਤੀ ਸਿਸਟਮ ਦੇ ਖਿਲਾਫ਼ ਹੀ ਨਹੀਂ ਬਲਕਿ ਨਸ਼ੇ ਅਤੇ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਖਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰੇਗੀ।
ਸੇਖੋਂ ਦੀ ਬੇਟੀ ਦਾ ਬਿਆਨ: ਇਸ ਮੌਕੇ ਬਲਵਿੰਦਰ ਸੇਖੋਂ ਦੀ ਬੇਟੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਮੈਂ ਬਾਹਰੋਂ ਆ ਕੇ ਆਪਣੇ ਪਿਤਾ ਜੀ ਦੀ ਲੜਾਈ ਲੜਾਂਗੀ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਪਿਤਾ ਜੀ ਨੇ ਕੁੱਝ ਵੀ ਗਲਤ ਨਹੀਂ ਕੀਤਾ, ਉਨ੍ਹਾਂ ਨੇ ਪੰਜਾਬ ਨੁੰ ਬਚਾਉਣ ਦੀ ਗੱਲ ਕੀਤੀ ਹੈ। ਸੇਖੋਂ ਦੀ ਬੇਟੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਵਾਂਗ ਮਜ਼ਬੂਤ ਹਾਂ। ਹੁਣ ਸਾਰੀ ਲੜਾਈ ਕਾਨੂੰਨੀ ਪ੍ਰਕਿਿਰਆ ਮੁਤਾਬਿਕ ਅੱਗੇ ਜਾਰੀ ਰਹੇਗੀ।ਮੈਨੂੰ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਹੈ ਕਿਉਂਕਿ ਅਸੀਂ ਸਹੀ ਕਰ ਰਹੇ ਹਾਂ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹਾਂਗੀ।
ਇਹ ਵੀ ਪੜ੍ਹੋ: Bandi Singhs raised questions: ਕੌਮੀ ਇਨਸਾਫ ਮੋਰਚਾ ਸਵਾਲਾਂ 'ਚ, ਬੰਦੀ ਸਿੰਘਾਂ ਨੇ ਮੋਰਚੇ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ