ਲੁਧਿਆਣਾ: ਭਾਰਤੀ ਹਵਾਈ ਫ਼ੌਜ ਦੀ ਤਾਕਤ ਅੱਜ ਹੋਰ ਵੱਧ ਗਈ ਹੈ। ਭਾਰਤ ਕੋਲ ਨਵੇਂ ਲੜਾਕੂ ਜਹਾਜ਼ ਰਾਫ਼ੇਲ ਪਹੁੰਚ ਗਏ ਹਨ। ਪਹਿਲੀ ਖੇਪ ਵਿੱਚ ਪੰਜ ਰਾਫ਼ੇਲ ਭਾਰਤ ਆਏ ਹਨ, ਜਿਨ੍ਹਾਂ ਨੂੰ ਅੰਬਾਲਾ ਏਅਰਬੇਸ ਉੱਤੇ ਤਾਇਨਾਤ ਕੀਤਾ ਜਾਵੇਗਾ। ਸੁਰੱਖਿਆ ਦੇ ਲਿਹਾਜ਼ ਤੋਂ ਇਹ ਕਾਫ਼ੀ ਅਹਿਮ ਹੈ, ਕਿਉਂਕਿ ਰਾਫ਼ੇਲ ਨਵੀਂ ਤਕਨੀਕ ਦਾ ਲੜਾਕੂ ਜਹਾਜ਼ ਹੈ। ਰਾਫ਼ੇਲ ਜੋ ਚੀਨ ਅਤੇ ਪਾਕਿਸਤਾਨ ਦੇ ਹਰ ਏਅਰਕ੍ਰਾਫਟ ਨੂੰ ਸਿੱਧੀ ਟੱਕਰ ਦਿੰਦਾ ਹੈ। ਰੱਖਿਆ ਮਾਹਿਰਾਂ ਨੇ ਕਿਹਾ ਕਿ ਅੰਬਾਲਾ ਵਿੱਚ ਤਾਇਨਾਤੀ ਕਾਫ਼ੀ ਅਹਿਮ ਹੈ ਅਤੇ ਇਹ ਕਈ ਮਾਰੂ ਹਥਿਆਰ ਲਿਜਾਉਣ ਦੀ ਸਮਰੱਥਾ ਰੱਖਦਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਤੋਂ ਸੇਵਾਮੁਕਤ ਕਰਨਲ ਦਰਸ਼ਨ ਸਿੰਘ ਢਿੱਲੋਂ ਨੇ ਇਸ ਲੜਾਕੂ ਜਹਾਜ਼ ਦੀ ਖ਼ਾਸੀਅਤ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਇਸ ਵਿੱਚ ਹਵਾ ਵਿੱਚ ਉੱਡਦੇ ਸਮੇਂ ਹਮਲਾ ਕਰਨ, ਹਵਾ ਅੰਦਰ ਮਾਰ ਕਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਭਾਰਤੀ ਫ਼ੌਜ ਵਿੱਚ ਇਸ ਲੜਾਕੂ ਜਹਾਜ਼ ਦੇ ਆਉਣ ਨਾਲ ਭਾਰਤ ਨਾਲ ਪਾਕਿਸਤਾਨ ਅਤੇ ਚੀਨ ਦੇ ਸਰਹੱਦੀ ਵਿਵਾਦਾਂ ਨੂੰ ਲੈ ਕੇ ਦੇਸ਼ ਦੀ ਹਵਾਈ ਫ਼ੌਜ ਤਾਕਤ ਜ਼ਰੂਰ ਵੱਧੇਗੀ।
ਸਾਬਕਾ ਕਰਨਲ ਨੇ ਕਿਹਾ ਕਿ ਹਾਲਾਂਕਿ ਭਾਰਤ ਦੇ ਕੋਲ ਜੋ ਪੁਰਾਣੇ ਜਹਾਜ਼ ਹਨ, ਉਨ੍ਹਾਂ ਨੂੰ ਵੀ ਅਪਗ੍ਰੇਡ ਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰਫ਼ਤਾਰ ਅਤੇ ਉਚਾਈ ਅਤੇ ਉੱਡਣ ਦੀ ਸਮਰੱਥਾ ਪਾਕਿਸਤਾਨ ਅਤੇ ਚੀਨ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ।
ਦਰਸ਼ਨ ਸਿੰਘ ਨੇ ਦੱਸਿਆ ਕਿ ਹਵਾਈ ਫ਼ੌਜ ਨੂੰ ਹਾਲੇ ਹੋਰ ਤਾਕਤ ਦੀ ਲੋੜ ਹੈ, ਪਰ ਰਾਫੇਲ ਜਹਾਜ਼ ਦੇ ਹੋਣ ਨਾਲ ਹਵਾਈ ਫ਼ੌਜ ਅਧਿਕਾਰੀਆਂ ਦੀ ਤਾਕਤ ਅਤੇ ਹੌਸਲਾ ਜ਼ਰੂਰ ਵਧੇਗਾ।