ਲੁਧਿਆਣਾ: ਜ਼ਿਲ੍ਹੇ ਦੇ ਮਸ਼ਹੂਰ RTI ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਪੁਲਿਸ ਮਹਿਕਮੇ ਅਤੇ ਸਰਕਾਰੀ ਅਫ਼ਸਰਾਂ ਦੀ ਮੰਗੀ ਗਈ ਸੂਚਨਾ ਤੋਂ ਵੱਡੇ ਖੁਲਾਸੇ ਹੋਏ ਹਨ। ਇੱਕ ਪਾਸੇ ਪੁਲਿਸ ਵੱਲੋਂ ਪੰਜਾਬ ਵਿੱਚ ਜਿੱਥੇ ਸੈਂਕੜੇ ਹਜ਼ਾਰਾਂ ਮਾਮਲੇ ਅਣਸੁਲਝੇ ਹਨ, ਉੱਥੇ ਹੀ ਸਰਕਾਰੀ ਕੋਠੀਆਂ ਵਿੱਚ ਰਹਿਣ ਵਾਲੇ ਵੱਡੇ-ਵੱਡੇ ਅਫ਼ਸਰਾਂ ਦੇ ਪ੍ਰਾਪਰਟੀ ਟੈਕਸ ਹਾਲੇ ਤੱਕ ਨਹੀਂ ਦਿੱਤੇ ਗਏ ਹਨ।
ਇਸ ਰਿਪੋਰਟ ਨੂੰ ਲੈ ਕੇ ਹੁਣ ਸਰਕਾਰੀ ਅਫ਼ਸਰਾਂ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਰੋਹਿਤ ਸਭਰਵਾਲ ਵੱਲੋਂ ਪਾਈਆਂ ਗਈਆਂ ਵੱਖ ਵੱਖ ਆਰਟੀਆਈ ਅਤੇ ਜਾਣਕਾਰੀਆਂ ਤੋਂ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ।
ਸਰਕਾਰੀ ਅਫ਼ਸਰਾਂ ਵਲੋਂ ਪਿਛਲੇ 7 ਸਾਲਾਂ ਤੋਂ ਨਹੀਂ ਅਦਾ ਕੀਤੇ ਜਾ ਰਹੇ ਟੈਕਸ
ਉਧਰ ਇੱਕ ਹੋਰ ਜਾਣਕਾਰੀ ਦਿੰਦਿਆ ਰੋਹਿਤ ਸਭਰਵਾਲ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਸਰਕਾਰੀ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਵੱਡੇ ਵੱਡੇ ਅਫ਼ਸਰਾਂ ਦੇ ਪ੍ਰਾਪਰਟੀ ਬਿੱਲ ਬਕਾਇਆ ਪਏ ਹਨ ਅਤੇ ਉਹ ਆਪਣਾ ਪ੍ਰਾਪਰਟੀ ਟੈਕਸ ਅਦਾ ਨਹੀਂ ਕਰਦੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਟੈਕਸ ਸਾਲ 2013-14 ਤੋਂ ਹੁਣ ਤੱਕ ਅਦਾ ਨਹੀਂ ਕੀਤੇ ਗਏ, ਨਾ ਹੀ ਪਾਣੀ ਦੇ ਬਿੱਲ ਅਦਾ ਕੀਤੇ ਗਏ ਹਨ।
ਰੋਹਿਤ ਸਭਰਵਾਲ ਨੇ ਕਿਹਾ ਕਿ ਕਾਰਪੋਰੇਸ਼ਨ ਵਲੋਂ ਅਫ਼ਸਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉ੍ਨ੍ਹਾਂ ਕਿਹਾ ਕਿ ਜੇਕਰ ਕੋਈ ਗਰੀਬ ਵਿਅਕਤੀ ਆਪਣੇ ਘਰ ਦਾ ਟੈਕਸ ਨਾ ਦੇਵੇ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਹੋ ਜਾਂਦੀ ਹੈ, ਪਰ ਅਫ਼ਸਰਾਂ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ।
ਪੰਜਾਬ ਪੁਲਿਸ ਦੀ ਨਾਕਾਮੀ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ
ਕਤਲ ਮਾਮਲਿਆਂ ਤੇ ਲੁੱਟਾਂ ਖੋਹਾਂ ਦੇ ਮਾਮਲਿਆਂ ਨੂੰ ਪੰਜਾਬ ਪੁਲਿਸ ਸੁਲਝਾਉਣ ਵਿੱਚ ਨਾਕਾਮ ਰਹੀ, ਇਹ ਦੱਸਦਿਆ ਰੋਹਿਤ ਸਭਰਵਾਲ ਨੇ ਚੰਗੀ ਤਰ੍ਹਾਂ ਵੇਰਵੇ ਪੇਸ਼ ਕੀਤੇ ਹਨ।
ਕਤਲ ਮਾਮਲਿਆਂ ਦਾ ਵੇਰਵਾ
RTI ਐਕਟ ਦੇ ਅਧੀਨ RTI ਐਕਟੀਵਿਸਟ ਰੋਹਿਤ ਸੱਭਰਵਾਲ ਵੱਲੋ ਮੰਗੀ ਗਈ ਸੂਚਨਾਂ ਵਿੱਚ ਡੀਜੀਪੀ ਦਫ਼ਤਰ ਪੰਜਾਬ ਪੁਲਿਸ ਨੇ ਮੰਨਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਭਰ ਵਿੱਚ ਕਤਲ ਕੇਸ ਦੇ ਲਗਭਗ 3491 ਮਾਮਲੇ ਦਰਜ ਹੋਏ ਹਨ, ਜਿੰਨਾਂ ਵਿੱਚ 400 ਤੋਂ ਵੱਧ ਮਾਮਲੇ ਅਜੇ ਵੀ ਅਣਸੁਲਝੇ ਹਨ।
ਲੁੱਟਾਂ-ਖੋਹਾਂ ਦੇ ਮਾਮਲੇ
ਲੁੱਟ ਖੋਹ ਦੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਭਰ ਵਿੱਚ ਲਗਭਗ 9469 ਮਾਮਲੇ ਦਰਜ ਹੋਏ ਹਨ, ਜਿੰਨਾਂ ਵਿੱਚੋਂ ਹਾਲੇ ਵੀ 4000 ਤੋਂ ਵੱਧ ਮਾਮਲੇ ਅਣਸੁਲਝੇ ਹਨ ਅਤੇ ਇੱਥੇ ਹੀ ਬੱਸ ਨਹੀਂ, ਪੰਜਾਬ ਭਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਲੁੱਟ ਖੋਹਾਂ ਦੇ ਕਰੀਬ 795 ਮਾਮਲੇ ਦਰਜ ਹੋਏ ਹਨ, ਜਿੰਨਾਂ ਵਿੱਚ ਸੈਕੜੇ ਅਣਸੁਲਝੇ ਹਨ। ਪਿਛਲੇ 10 ਸਾਲਾਂ ਦੌਰਾਨ ਪੁਲਿਸ ਹਿਰਾਸਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਲਗਭਗ 27 ਹੈ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ